Saturday, July 21, 2007

ਬੈਠਾ ਹਾਂ ਰੋਗ ਚੰਦਰਾ...

Posted by Picasa

ਗ਼ਜ਼ਲ

ਬੈਠਾ ਹਾਂ ਰੋਗ ਚੰਦਰਾ, ਸੀਨੇ ‘ਚ ਪਾਲ਼ ਕੇ।
ਜਦ ਦੀ ਹਵਾ ਹੈ ਲੈ ਗਈ, ਮਹਿਕਾਂ ਉਧਾਲ਼ ਕੇ।
-------
ਜੀਵਨ ਮਿਰੇ ਕਰੀਬ ਸੀ, ਜਦ ਮੌਤ ਦਾ ਸੀ ਡਰ,
ਜੀਵਨ ਤੋਂ ਦੂਰ ਹੋ ਗਿਆ ਹਾਂ, ਮੌਤ ਟਾਲ਼ ਕੇ।
------
ਚਿਹਰੇ ‘ਤੇ ਲਾਲੀ ਆ ਗਈ, ਖ਼ਤ ਮਿਲ਼ਦੇ ਸਾਰ ਹੀ,
ਐਪਰ ਨਿਰਾਸ਼ਾ ਫਿਰ ਗਈ, ਅੱਖਰ ਉਠਾਲ਼ ਕੇ।
-------
ਤੇਰੇ ਬਹੁਤ ਕਰੀਬ ਹੈ, ਅਥਰੀ ਹਵਾ ਨੂੰ ਕਹਿ,
ਮੇਟੇ ਨਾ ਨਕਸ਼ ਓਸਦੇ, ਰੇਤਾ ਉਛਾਲ਼ ਕੇ।
------
ਤੌੜੀ ਉਬਲ਼ ਕੇ ਆਪਣੇ ਕੰਢੇ ਹੀ ਸਾੜਦੀ,
ਤੂੰ ਵੇਖ ਲੈ, ਜੇ ਵੇਖਣੀ ਹੈ ਰੱਤ ਉਬਾਲ਼ ਕੇ।
------
ਸਿੱਕਾ ਪਏ ਤੋਂ ਫੇਰ ਵੀ ਕੰਨਾਂ ਦਾ ਕੁਝ ਬਚੂ,
ਪਾਵੀਂ ਨਾ ਸਿੱਕਾ ਭੈੜੀਆਂ ਗੱਲਾਂ ਦਾ ਢਾਲ਼ ਕੇ।
------
ਸੂਰਜ ਦਿਨੇ ਤਾਂ ਖ਼ੂਬ ਹੈ, ਚਾਨਣ ਬਖੇਰਦਾ,
ਰਾਤਾਂ ਨੂੰ ਪਰ ਮੈਂ ਹੀ ਕਰਾਂ, ਇਸ ਦਿਲ ਨੂੰ ਬਾਲ਼ ਕੇ।
------
ਪਲਕਾਂ ਦੇ ਉੱਤੇ ਮੇਲ਼ ਦੇ ਸੁਪਨੇ ਸਜਾਅ ਕੇ ਰੱਖ,
ਮਿਲ਼ਿਆ ਕਿਸੇ ਨੂੰ ਕਝ ਨਹੀਂ, ਇਉਂ ਦੀਦੇ ਗਾਲ਼ ਕੇ।
------
ਉਹ ਮਿਲ਼ ਗਿਆ ਹੈ “ਬਾਦਲਾ”! ਮੇਰੇ ਹੀ ਅੰਦਰੋਂ,
ਥੱਕਿਆ ਮੈਂ ਜਿਸਨੂੰ ਜੰਗਲ਼ਾਂ ਵਿਚ ਭਾਲ਼-ਭਾਲ਼ ਕੇ1।

ਅੰਞਾਣੇ 'ਚ ਗਿਰੀ ਝਾਂਜਰ...

Posted by Picasa

ਗ਼ਜ਼ਲ

ਅੰਞਾਣੇ ਵਿਚ ਗਿਰੀ ਝਾਂਜਰ ਨੂੰ ਐਂ ਛਣਕਾਰ ਨਾ ਥਾਂ-ਥਾਂ।
ਮੁਹੱਬਤ ਆਪ ਬੋਲੇਗੀ, ਇਨੂੰ ਪਰਚਾਰ ਨਾ ਥਾਂ-ਥਾਂ।
------
ਬਚੀਂ ਇਸਤੋ, ਡੁਬੋਏਗੀ ਤਿਰੀ ਇਹ ਅੰਧ-ਵਿਸ਼ਵਾਸੀ,
ਕਿ ਦੀਵੇ ਬਾਲ਼ ਕੇ ਕੱਚੇ ਘੜੇ ਤੇ ਤਾਰ ਨਾ ਥਾਂ-ਥਾਂ।
------
ਮੁਹੱਬਤ ਵਿਚ ਆਸ਼ਿਕ ਦੀ, ਇਹੋ ਜਿੱਤ ਹੁੰਦੀ ਹੈ,
ਖ਼ਬਰ ਰੱਖਣੀ, ਬਣੇ ਅਨਜਾਣ ਰਹਿਣਾ, ਹਾਰਨਾ ਥਾਂ-ਥਾਂ।
-------
ਚਮੇਲੀ ‘ਚੋਂ ਸਦਾ ਹੀ ਮਹਿਕ ਨਿਕਲ਼ੇਗੀ, ਨਾ ਤੂੰ ਅਜ਼ਮਾਅ,
ਮਿਰੇ ਦਿਲਬਰ! ਸੁਬਕ ਜੋਬਨ ‘ਤੇ ਛਮਕਾਂ ਮਾਰ ਨਾ ਥਾਂ-ਥਾਂ।
------
ਸਮੇਂ ਦਾ ਕੀ ਪਤਾ ਹੁੰਦੈ! ਕਦਮ ਤੇਰੇ ਹੀ ਪੈ ਜਾਵਣ,
ਨਾ ਪੁਟ ਰਸਤੇ ‘ਚ ਤੂੰ ਟੋਏ, ਵਿਛਾਅ ਐਂ ਖ਼ਾਰ ਨਾ ਥਾਂ-ਥਾਂ।
------
ਜੇ ਡੌਲ਼ੇ ਜ਼ੋਰ ਨਾ ਦਸਦੇ, ਹਵਾ ਕਦ ਮਿੱਤ ਹੋਣੀ ਸੀ,
ਕੀ ਪੈਣਾ ਮੁੱਲ ਸੀ ਜਿੱਤ ਦਾ, ਜੇ ਹੁੰਦੀ ਹਾਰ ਨਾ ਥਾਂ-ਥਾਂ।
------
ਬੜਾ ਹੈ ਨਰਮ-ਦਿਲ “ਬਾਦਲ”, ਬੜਾ ਨਿੱਘੈ ਸੁਭਾਅ ਦਾ ਇਹ,
ਜੇ ਉਲਫ਼ਤ ਨਾਲ਼ ਨਹੀਂ ਇਸਦੇ, ਤਾਂ ਇਉਂ ਫ਼ਿਟਕਾਰ ਨਾ ਥਾਂ-ਥਾਂ।

ਇਕੇਰਾਂ ਹੱਸ ਕੇ...

Posted by Picasa

ਗ਼ਜ਼ਲ

ਇਕੇਰਾਂ ਹੱਸਕੇ ਤੂੰ ਜਿੰਦ ਨੂੰ ਪਰਚਾਅ ਦਵੀਂ।
ਬਿਸ਼ਕ ਰਸਤੇ ’ਚ ਪਿੱਛੋਂ ਖ਼ਾਰ ਹੀ ਬਿਖਰਾਅ ਦਵੀਂ।
-----
ਨਜ਼ਰ ਦਾ ਸੇਕ ਜਦ ਸ਼ੀਸ਼ੇ ‘ਚ ਤੇੜਾਂ ਪਾ ਦਵੇ,
ਰਸੀਲੇ ਲਬ ਛੁਹਾ ਕੇ ਜ਼ਾਲਿਮਾਂ! ਸਹਿਲਾਅ ਦਵੀਂ।
------
ਉਡੀਕਾਂ ਵਿੱਚ ਉਮਰਾ ਬੀਤ ਚੱਲੀ ਹੈ ਜਿਦ੍ਹੀ,
ਹਵਾਏ! ਤੂੰ ਹੀ ਉਸਦਾ ਦਰ ਜ਼ਰਾ ਖੜਕਾਅ ਦਵੀਂ।
------
ਇਹ ਨੇਤਰ ਜਾਣਗੇ ਬੇਕਾਰ ਤੇਰੇ ਮਰਨ ‘ਤੇ,
ਕਿਸੇ ਦੀ ਨੇਰ੍ਹੀ ਦੁਨੀਆਂ ਸੋਹਿਣਆਂ! ਰੁਸ਼ਨਾਅ ਦਵੀਂ।
------
ਪਵੇ ਜੇ ਸੱਚ ਦਾ ਪੱਥਰ, ਤਾਂ ਰੱਖੀਂ ਸਾਂਭ ਕੇ,
ਮਿਲ਼ੇ ਜੇ ਝੂਠ ਦਾ ਸੋਨਾ, ਉਨੂੰ ਠੁਕਰਾਅ ਦਵੀਂ।
-----
ਖਿਡਾਉਣਾ ਹੋਰ ਜੇ ਤੈਂਨੂੰ ਕੁਈ ਮਿਲ਼ਦਾ ਨਹੀਂ,
ਮਿਰਾ ਦਿਲ ਲੈ ਜਾਹ ਸਜਣਾ! ਖੇਡ ਕੇ ਪਰਤਾਅ ਦਵੀਂ।
-----
ਜਦੋਂ ਵੀ ਜਾਪਿਆ “ਬਾਦਲ”! ਕਰੇ ਪਖ-ਪਾਤ ਇਹ,
ਨਜ਼ਰ ਦੀ ਮੈਲ਼ ਨੂੰ, ਡੂੰਘਾ ਕਿਤੇ ਦਫ਼ਨਾਅ ਦਵੀਂ।

ਸੱਚ ਵਰਗਾ ਝੂਠ ਵਿਕਦਾ...

Posted by Picasa

ਗ਼ਜ਼ਲ

ਸੱਚ ਵਰਗਾ ਝੂਠ ਵਿਕਦਾ ਸਾਰੀਆਂ ਹੱਟਾਂ ‘ਤੇ ਹੈ।
ਖੇਤ ਦੇ ਵਿਚ ਕਾਂਗਿਆਰੀ ਪਰ ਕਣਕ ਵੱਟਾਂ ‘ਤੇ ਹੈ।
-------
ਸਿਰ ‘ਤੇ ਕਰਜ਼ਾ, ਖੇਤ ਸੁੱਕੇ, ਬੀਜ ਮਹਿੰਗੇ ਦੋਸਤੋ!
ਅੰਨ ਖਾਤਿਰ ਆਸ ਫਿਰ ਪੰਜਾਬ ਦੇ ਜੱਟਾਂ ‘ਤੇ ਹੈ।
------
ਰੰਗ ਪੀਲ਼ਾ-ਭੂਕ ਭਾਵੇਂ ਹੋ ਗਿਐ ਚਿਹਰੇ ਦਾ, ਪਰ
ਵੇਖ ਲਾਲੀ ਤੇਰੇ ਹੱਥੋਂ ਖਾਧੀਆਂ ਸੱਟਾਂ ‘ਤੇ ਹੈ।
------
ਫ਼ੋਮ ਦਾ ਵੀ ਹੈ ਸਰ੍ਹਾਣਾ, ਰੂੰ ਅਤੇ ਲੋਗੜ ਦਾ, ਪਰ
ਦੇਸ਼ ਦੇ ਕਾਮੇ ਦਾ ਸਿਰ ਇੱਟਾਂ ‘ਤੇ ਹੈ, ਵੱਟਾਂ ‘ਤੇ ਹੈ।
------
ਹੋਰ ਲਾ ਦਿਹ ਫ਼ੱਟ ਜ਼ਾਲਿਮ! ਜਾਂ ਇਨ੍ਹਾਂ ਨੂੰ ਛੇੜ ਦਿਹ,
ਆ ਰਿਹਾ ਅੰਗੂਰ ਮੇਰੇ ਪਹਿਲਿਆਂ ਫ਼ੱਟਾਂ ‘ਤੇ ਹੈ।
------
ਲੱਖ ਵਰਜੋ ਦੋਸਤੋ! ਹੈ ਪੀ ਹੀ ਲੈਣੀ ਓਸਨੇ,
ਅੱਖ ਜਿਸਦੀ ਨੈਣਾਂ ਵਿੱਚੋਂ ਡੁੱਲ੍ਹਦੇ ਮੱਟਾਂ ‘ਤੇ ਹੈ।
-------
ਪੀਂਘ ਝੁਟੀ ਸੀ ਕਿਸੇ ਨੇ ਢੇਰ ਚਿਰ ਪਹਿਲਾਂ, ਮਗਰ,
ਹੈ, ਦਬਾਅ ਹੱਥਾਂ ਦਾ ਹੁਣ ਤਕ ਲੱਜ ਦੇ ਵੱਟਾਂ ‘ਤੇ ਹੈ।
--------
ਰੂਹ ਚੁਰਾਕੇ ਇਕ ਹੁਸੀਨਾ ਹੋ ਗਈ ਹੈ ਲਾ-ਪਤਾ,
“ਬਾਦਲਾ”! ਪਰ ਅਕਸ ਉਸਦਾ ਦਿਲ ਦਿਆਂ ਫ਼ੱਟਾਂ ‘ਤੇ ਹੈ।

ਵਰ੍ਹੇ ਲੱਗਦੇ ਨੇ ਜਿਨ੍ਹਾਂ ਨੂੰ....

Posted by Picasa

ਗ਼ਜ਼ਲ

ਵਰ੍ਹੇ ਲਗਦੇ ਨੇ ਜਿਨ੍ਹਾਂ ਨੂੰ, ਦਿਲੋਂ ਆਪਣਾ ਬਨਾਵਣ ‘ਤੇ।
ਤਿੜਕ ਜਾਂਦੇ ਨੇ ਉਹ ਰਿਸ਼ਤੇ, ਜ਼ਰਾ ਕੁ ਠੇਸ ਲੱਗਣ ‘ਤੇ।
------
ਰਿਹਾ ਸੁਪਨੇ ‘ਚ ਵੀ ਜੋ ਨਾਲ ਸਾਏ ਦੀ ਤਰ੍ਹਾਂ ਮੇਰੇ,
ਉਦ੍ਹਾ ਸਾਇਆ ਵੀ ਦਿਸਿਆ ਨਾ, ਨਿਮਾਣੀ ਨੀਂਦ ਟੁੱਟਣ ‘ਤੇ।
------
ਮਿਰੀ ਗ਼ਲਤੀ ‘ਤੇ ਮੈਂਨੂੰ ਡਾਂਟ ਸਕਦੇ ਹੋ, ਕਿਹਾ ਜਿਸਨੇ,
ਮਨਾਇਆ ਹੈ ਬੁਰਾ ਕਾਹਤੋਂ? ਸਿਆਣੀ ਗੱਲ ਆਖਣ ‘ਤੇ।
------
ਗਰਾਂ ਤੇਰੇ ਦਾ ਕੇਹਾ ਹਾਲ ਹੈ ਯਾਰਾ! ਅਸਾਡੇ ਤਾਂ,
ਆਜ਼ਾਦੀ ਸੋਚ ਨੂੰ ਪੂਰੀ, ਮਗਰ ਬੰਦਿਸ਼ ਹੈ ਬੋਲਣ ‘ਤੇ।
-------
ਪਤਾ ਸੀਗਾ ਕਿ ਉਸਨੇ ਇਕ ਨਾ ਇਕ ਦਿਨ ਡੰਗਣਾ ਹੀ ਹੈ,
ਭਰੋਸਾ ਫਿਰ ਵੀ ਕਰ ਬੈਠਾ, ਸਪੇਰੇ ਵਾਂਗ ਨਾਗਣ ‘ਤੇ।
------
ਜਿਹਾ ਬੀਜੋ, ਤਿਹਾ ਉਗਦੈ, ਸਿਆਣੇ ਆਖਦੇ ਐਵੇਂ,
ਮਿਰੇ ਘਰ ਤਾਂ ਗ਼ਮੀ ਉੱਗੀ, ਖ਼ੁਸ਼ੀ ਦਾ ਬੀਜ ਬੀਜਣ ‘ਤੇ।
------
ਹਕੀਕਤ ਹੈ, ਓਦ੍ਹੇ ਇਕ ਬੋਲ ਨੇ ਵਿਸ਼ਵਾਸ ਕੋਹਿਆ ਹੈ,
ਨਹੀਂ ਇਲਜ਼ਾਮ ਧਰ ਹੁੰਦਾ, ਮਿਰੇ ਤੋਂ ਫਿਰ ਵੀ ਸਜਣ ‘ਤੇ।
------
ਉਦ੍ਹੇ ਅਥਰੂ, ਉਦ੍ਹੇ ਖ਼ਤ ‘ਤੇ, ਇਵੇਂ ਫ਼ਬਦੇ ਨੇ “ਬਾਦਲ” ਜੀ!
ਜਿਵੇਂ ਕਿ ਫੁੱਲ ਜਚਦੇ ਨੇ, ਕਿਸੇ ਆਸ਼ਿਕ ਦੇ ਕੱਫ਼ਣ ‘ਤੇ।

ਰੂਪ ਦੋ-ਦੋ ਕੰਮ...


ਗ਼ਜ਼ਲ

ਰੂਪ ਦੋ-ਦੋ ਕੰਮ ਇੱਕੋ ਵਕਤ ਵਿਚ ਕਰਦਾ ਰਿਹਾ।
ਲੌਂਗ ਵੀ ਲਿਸ਼ਕੋਰਿਆ ਤੇ ਮੂੰਹ ‘ਤੇ ਵੀ ਪਰਦਾ ਰਿਹਾ।
------
ਸਭ ਨਦੀ ਵਿਚ ਸੁੱਟਿਆ ਜੋ ਸਮਝਿਆ ਮੈਂ ਫ਼ਾਲਤੂ,
ਹੋਰ ਸਭ ਕੁਝ ਡੁਬ ਗਿਆ, ਪਰ ਖ਼ਤ ਤਿਰਾ ਤਰਦਾ ਰਿਹਾ।
-------
ਝੂਮਿਆ ਮੱਠੀ ਹਵਾ ਵਿਚ ਟਾਣ੍ਹ ‘ਤੇ ਪੱਤ ਆਖਿਰੀ,
ਤੇਜ਼ ਵਾ' ਤੇ ਪਤਝੜਾਂ ਤੋਂ ਜੋ ਕਦੇ ਡਰਦਾ ਰਿਹਾ।
-----
ਫੁੱਲ ਟਹਿਣੀ ‘ਤੇ ਵੀ ਸੋਂਹਦੇ, ਰੂਪ ਦੇ ਹੱਥਾਂ ‘ਚ ਵੀ,
ਮਰ ਗਈ ਖ਼ੁਸ਼ਬੂ, ਨਾ ਏਧਰ ਦਾ, ਨਾ ਓਧਰ ਦਾ ਰਿਹਾ।
------
ਦਰਦ ਮਿਲ਼ਿਆ, ਹੱਥ ਤੇਰੇ ਦੀ ਨਾ ਐਪਰ ਛੋਹ ਮਿਲ਼ੀ,
ਜ਼ਖ਼ਮ ਏਸੇ ਆਸ ਵਿਚ ਫਿਸਦਾ ਰਿਹਾ, ਭਰਦਾ ਰਿਹਾ।
------
ਮੈਂ ਜਦੋਂ ਵੀ ਲੋਚਿਆ ਸੁਕਰਾਤ ਬਣਨਾ, ਉਸ ਘੜੀ,
ਮੇਰਿਆਂ ਬੁੱਲ੍ਹਾਂ ਤੋਂ ਪਿਆਲਾ ਜ਼ਹਿਰ ਦਾ ਡਰਦਾ ਰਿਹਾ।
------
ਫੈਲਿਆ “ਬਾਦਲ” ਬੜਾ ਹੀ ਚੰਨ ਉੱਤੇ ਆਣ ਕੇ,
ਨੂਰ ਉਸਦਾ ਵਿਰਲਾਂ ਥਾਣੀਂ ਫੇਰ ਵੀ ਝਰਦਾ ਰਿਹਾ1

ਸ਼ੋਖ਼ੀਆਂ ਦੀ ਮੁਸਕਣੀ...


ਗ਼ਜ਼ਲ

ਸ਼ੋਖ਼ੀਆਂ ਦੀ ਮੁਸਕਣੀ ਵਿਚ ਸਾਦਗੀ ਹੁੰਦੀ ਨਹੀਂ।
ਸਾਦਗੀ ਦੀ ਮੁਸਕਰਾਹਟ ਓਪਰੀ ਹੁੰਦੀ ਨਹੀਂ।
-----
ਹਿਰਨ ਵਾਂਗੂੰ ਚੁੰਗੀਆਂ ਭਰ ਕੇ ਨਾ ਐਂ ਹਲਕਾਨ ਹੋ,
ਹਰ ਚਮਕਦੀ ਚੀਜ਼ ਦੇ ਵਿਚ ਜ਼ਿੰਦਗੀ ਹੁੰਦੀ ਨਹੀਂ।
------
ਪਿਆਰ ਦੇ ਵਿਚ ਇਕ ਸਮਾਂ ਏਦਾਂ ਦਾ ਵੀ ਆਉਂਦਾ ਹੈ ਜਦ,
ਜ਼ਿੰਦਗੀ ਅਪਣੀ, ਵੀ ਆਪਣੇ ਆਪ ਦੀ ਹੁੰਦੀ ਨਹੀਂ।
-----
ਭੁੱਖਿਆਂ ਨੂੰ ਕੁਝ ਦਿਲਾਸਾ ਦੇ ਤਾਂ ਸਕਦੇ ਹੋ, ਹਜ਼ੂਰ!
ਪਰ ਉਦੋਂ ਤਕ, ਭੁੱਖ ਜਦ ਤਕ ਹਾਭੜੀ ਹੁੰਦੀ ਨਹੀਂ।
------
ਮੈਂ ਸਫ਼ਰ ਵਿਚ ਪਰਤਿਆ ਕੇ ਵੇਖਿਆ ਹੈ ਵਾਰ-ਵਾਰ,
ਕੰਡਿਆਂ ਬਿਨ ਤੋਰ ਮੇਰੀ ਤੇਜ਼ ਹੀ ਹੁੰਦੀ ਨਹੀਂ।
-----
ਕਰ ਲਿਆ ਕਰ “ਬਾਦਲਾ”! ਤੂੰ ਚੰਗੇ-ਮੰਦੇ ਦੀ ਪਛਾਣ,
ਹਰ ਧੜਕਦੀ ਹਿੱਕ ਦੇ ਵਿਚ ਦੋਸਤੀ ਹੁੰਦੀ ਨਹੀਂ।

ਏਸ ਬਿਸਤਰ ਦੀ ਕਹਾਣੀ...


ਗ਼ਜ਼ਲ

ਏਸ ਬਿਸਤਰ ਦੀ ਕਹਾਣੀ ਕਹਿੰਦੀਆਂ ਨੇ ਸਿਲਵਟਾਂ।
ਰਾਤ ਭਰ ਇਸ ਨੂੰ ਕੁਈ ਦਸਦਾ ਰਿਹਾ ਏ ਉਲਝਣਾਂ।

ਸੋਚ, ਇਕਲਾਪਾ, ਤੜਪ, ਗ਼ਮ, ਦਰਦ, ਹੰਝੂ, ਡਰ, ਘੁਟਨ,
ਜਾਨ ਕੱਲੀ, ਹੈਨ ਪਿੱਛੇ ਸੈਂਕੜੇ ਹੀ ਆਫ਼ਤਾਂ।
-------
ਝੀਤ ਬੂਹੇ ਵਿੱਚ ਭਾਵੇਂ ਇਕ ਨਜ਼ਰ ਹੈ ਆ ਰਹੀ,
ਕਿਸ ਤਰ੍ਹਾਂ ਵੇਖਾਂ ਉਨ੍ਹਾਂ ਨੂੰ, ਇਉਂ ਬਦਲਦੇ ਕਰਵਟਾਂ?
-------
ਜਿੰਦ ਸੀ ਫ਼ੂਹੀ ਕੁ ਸਭ ਦੀ, ਸੀ ਭਵਾਂ ਭੋਰਾ ਵਜੂਦ,
ਨੇਰ੍ਹ ਨੂੰ ਪਰ ਹੂੰਝ ਸੁਟਿਆ ਕੱਠੇ ਹੋ ਕੇ ਜੁਗਨੂੰਆਂ।
------
ਪੁਸਤਕਾਲੇ ਦਾ ਹੀ ਰਹੀਆਂ ਜੋ ਸਦਾ ਸ਼ਿੰਗਾਰ ਨੇ,
ਬੋਲ ਹੀ ਪਈਆਂ ਨੇ ਆਖ਼ਿਰ ਗੂੰਗੀਆਂ ਉਹ ਪੁਸਤਕਾਂ।
------
ਕੂਲ ਜੋ ਫੁੱਟੀ ਸੀ ਥਲ਼ ਸਿੰਞਣ ਨੂੰ, ਕਰਕੇ ਹੌਸਲਾ,
ਮਰ ਗਈ ਉਹ, ਖਪ ਗਈ ਉਹ, ਪੀ ਲਈ ਹੈ ਰੇਤਿਆਂ।
-------
ਮੇਰਿਆਂ ਗੀਤਾਂ ਨੂੰ ਲੋਕੀ, ਫੁੱਲ, ਫੁਲ-ਫੁਲ ਆਖਦੇ,
ਮੇਰੀਆਂ ਗ਼ਜ਼ਲਾਂ ਨੂੰ “ਬਾਦਲ”! ਆਖਦੇ ਨੇ ਗੰਦਲ਼ਾਂ।

ਇਹ ਜਦੋਂ ਦਾ ਸੁਣ ਲਿਆ ਕਿ....

Posted by Picasa

ਗ਼ਜ਼ਲ

ਇਹ ਜਦੋਂ ਦਾ ਸੁਣ ਲਿਆ ਹੈ, ਕਿ ਤੁਰੀ ਬਹਾਰ ਆਵੇ।
ਨ ਤਾਂ ਝੂਠ ਮੰਨ ਹੁੰਦੈ, ਨ ਹੀ ਏਤਬਾਰ ਆਵੇ।
------
ਕੀ ਕਸੂਰ ਇਸ ‘ਚ ਦਿਲ ਦਾ? ਹੈ ਤੁਹਾਡੇ ਵੱਸ ਅੰਦਰ,
ਨ ਤੁਸੀਂ ਜੇ ਪਿਆਰ ਦੇਵੋਂ, ਨ ਇਹ ਵਾਰ-ਵਾਰ ਆਵੇ।
------
ਹੈ ਜੁਦਾਈ ਤੰਗ ਕਰਦੀ, ਨ ਤੁਰੇ ਜੇ ਉਸਦੇ ਵਲ,
ਨ ਮਿਲ਼ੇ, ਤਾਂ ਹੋਰ ਵੀ ਦਿਲ, ਹੋ ਕੇ ਬੇ-ਕਰਾਰ ਆਵੇ।
------
ਜੇ ਨ ਦੋਸਤੀ ਉਦ੍ਹੇ ਥੀਂ, ਤਾਂ ਨਹੀਂ ਏ ਦੁਸ਼ਮਣੀ ਵੀ,
ਤਾਂ ਮਿਰਾ ਹੀ ਆਲ੍ਹਣਾ ਕਿਉਂ, ਇਹ ਹਵਾ ਖਿਲਾਰ ਆਵੇ?
------
ਹੈ ਕਬੂਲ ਗ਼ਮ ਵੀ ਮੈਂਨੂੰ, ਜੇ ਦਿਲਾਵੇ ਯਾਦ ਉਸ ਦੀ,
ਮੈਂ ਵਸਾ ਲਵਾਗਾਂ ਦਿਲ ਵਿਚ, ਇਹ ਹਜ਼ਾਰ ਵਾਰ ਆਵੇ।
------
ਨ ਦੁਲਾਰ ਪਤਝੜਾਂ ਨੂੰ, ਨ ਪਲ਼ੋਸ ਬਿਜਲੀਆਂ ਨੂੰ,
ਜੇ ਚਲੀ ਗਈ, ਤਾਂ ਮੁੜ ਕੇ, ਨ ਕਦੀ ਬਹਾਰ ਆਵੇ।
-------
ਜੇ ਕਰਾਰ ਖੁੰਝ ਜਾਵੇ, ਹੈ ਵਫ਼ਾ ਤੇ ਦਾਗ਼ “ਬਾਦਲ”!
ਜੇ ਨਿਭਾਅ ਲਿਆ ਵਫ਼ਾ ਨੂੰ, ਨ ਖ਼ੁਦੀ ਦੀ ਸਾਰ ਆਵੇ।

ਤੁਪਕਾ-ਤੁਪਕਾ ਨੂਰ ਹੋਇਆ...

Posted by Picasa

ਗ਼ਜ਼ਲ

ਤੁਪਕਾ-ਤੁਪਕਾ ਨੂਰ ਹੋਇਆ, ਕਿਣਕਾ-ਕਿਣਕਾ ਆਫ਼ਤਾਬ।
ਡੀਕ ਲਈ ਜਦ ਚਾਨਣੀ ਨੇ, ਨੇਰ੍ਹ ਦੀ ਸਾਰੀ ਸ਼ਰਾਬ।
-------
ਹੱਥ ਮੇਰਾ ਚੁੰਮਿਆ ਤੂੰ, ਜਿੱਥੋਂ ਸੀ ਕਰਕੇ ਅਦਾਬ,
ਖਿੜ ਪਿਆ ਓਸੇ ਜਗ੍ਹਾ ‘ਤੇ, ਲਾਲ-ਸੂਹਾ ਇਕ ਗ਼ੁਲਾਬ।
-------
ਰਹਿਣ ਦੇ ਇਹ ਸ਼ਾਂਤ ਪਾਣੀ, ਸੁਰਮਈ ਝੀਲਾਂ ਨਾ ਛੇੜ,
ਪੂੰਝ ਨਾ ਇਸ ਨੂੰ, ਇਹ ਮੇਰੇ ਲੈ ਰਿਹਾ ਹੈ ਮਿੱਠੇ ਖ਼ਾਬ।
------
ਖ਼ਤ ਮਿਰੇ ਦਾ ਓਸ ਨੇ ਸੀ, ਕੋਨਾ ਹੀ ਇਕ ਦਿੱਤਾ ਪਾੜ,
ਖ਼ਤ ਮਿਰੇ ਦਾ ਇਸ ਤਰ੍ਹਾਂ ਸੀ, ਓਸਨੇ ਦਿੱਤਾ ਜੁਆਬ।
------
ਤੇਰੀ ਦਿੱਤੀ ਇੱਕ ਪੱਤੀ, ਬਣ ਗਈ ਹੈ ਵਧ ਕੇ ਡਾਲ਼,
ਖੋਲ੍ਹ ਕੇ ਵੇਖੀ ਜਾਂ ਇਕ ਦਿਨ, ਆਪਣੀ ਇਕ ਮੈਂ ਕਿਤਾਬ।
------
ਮੈਂ ਸਦਾ ਸਾਂ ਆਖਦਾ, ਟੱਪੋ ਨਹੀਂ ਚੱਦਰ ਦੀ ਹੱਦ,
ਰਬੜ ਵਾਗੂੰ ਫੈਲ ਕੇ ਹੁਣ, ਕਿਉਂ ਤੁਸੀਂ ਸਿਮਟੇ ਜਨਾਬ!
------
ਦੋ ਤੋਂ ਵਧ ਕੇ ਹੁਣ ਚਮਨ ਦੇ, ਹੋ ਰਹੇ ਨੇ ਟੁਕੜੇ ਹੋਰ,
ਹੋਰ ਕਿੰਨੀ ਦੇਰ “ਬਾਦਲ”!, ਲੋਕ ਹੋਵਣਗੇ ਖ਼ਰਾਬ।

ਮਿਰੀ ਰਾਖ਼ ਤਾਂ....

Posted by Picasa

ਗ਼ਜ਼ਲ

ਮਿਰੀ ਰਾਖ਼ ਤਾਂ ਫੇਰ ਵੀ ਰਹਿ ਗਈ।
ਹਨੇਰੀ ਵਗੀ ਸੀ ਤਾਂ ਕੀ ਲੈ ਗਈ?
-------
ਬਨੇਰਾ ਤਾਂ ਐਵੇਂ ਹੀ ਸਿਰ ਹੋ ਗਿਆ,
ਚਿੜੀ ਕੀ ਜ਼ਰਾ ਓਸ ਤੇ ਬਹਿ ਗਈ।
-------
ਮਿਰੇ ਘਰ ਤਾਂ ਇਕ ਦਰਦ ਹੀ ਭੇਜਿਆ,
ਤੇ ਬਦਲੇ ‘ਚ ਕੀ ਕੀ ਉਦ੍ਹੀ ਸ਼ੈ ਗਈ।
------
ਮਿਰੇ ਅਸ਼ਕ ਵਗਦੇ ਰਹੇ ਬਿਨ ਰੁਕੇ,
ਤਦੇ ਰਾਤ ਸ਼ਬਨਮ ਬੜੀ ਪੈ ਗਈ।
------
ਕਦੇ ਖ਼ੁਦ-ਬ-ਖ਼ੁਦ ਰੇਤ ਭਿੱਜੀ ਨਹੀਂ,
ਸਦਾ ਕੋਲ਼ ਚਲ ਕੇ ਨਦੀ ਹੈ ਗਈ।
-------
ਕਿਵੇਂ ਲਾਸ਼ ਸਿੱਪੀ ਦੀ ਤਰਦੀ ਉਦੋਂ?
ਜਦੋਂ ਖੋਹ ਕੇ ਮੋਤੀ ਨਦੀ ਲੈ ਗਈ।
-------
ਕਿਵੇਂ ਸਬਰ ਆਵੇ, ਕਿਵੇਂ ਹੌਸਲਾ?
ਜਿਦ੍ਹੀ “ਬਾਦਲਾ”! ਆਸ ਹੀ ਢਹਿ ਗਈ।

ਪੋਲੇ-ਪੋਲੇ ਪੱਥਰ 'ਤੇ...



Posted by Picasa

ਗ਼ਜ਼ਲ

ਪੋਲੇ-ਪੋਲੇ ਪੱਥਰ ‘ਤੇ ਪੱਬ ਧਰਦਾ ਹੈ।
ਤਿੜਕ ਜਾਣ ਤੋਂ ਪੰਛੀ ਕਿੰਨਾ ਡਰਦਾ ਹੈ।
-------
ਸੂਰਜ ਵਰਗੀ ਤਪਸ਼ ਲੁਕਾ ਕੇ ਮਨ ਦੇ ਵਿੱਚ,
ਰੋਜ਼ ਗਲ਼ੀ ‘ਚੋਂ ਮੇਰਾ ਚੰਨ ਗੁਜ਼ਰਦਾ ਹੈ।
-------
ਘੁਟਨ ਜਿਹੀ ਮਹਿਸੂਸ ਹੋਈ ਤਾਂ ਘੁੰਡ ਚੁੱਕਿਆ,
ਚਾਨਣ ਹੋਇਆ ਤਦ ਦਾ ਹੀ ਬੇ-ਪਰਦਾ ਹੈ।
-------
ਜ਼ਖ਼ਮ ਦਿਨੋ-ਦਿਨ ਵਧਦਾ ਜਾਵੇ ਵੇਲ ਤਰ੍ਹਾਂ,
ਮਰਹਮ ਹੈ ਤਾਂ ਚੰਗੀ, ਦੋਸ਼ ਅਸਰ ਦਾ ਹੈ।
-------
ਇੱਕੋ ਟਾਹਣੀ ‘ਤੇ ਨੇ ਭਾਵੇਂ ਪੱਤੇ ਦੋ,
ਪਰ ਦੋਹਾਂ ਵਿੱਚ ਰਿਸ਼ਤੇ ਦੀ ਥਾਂ ਪਰਦਾ ਹੈ।
------
ਬਾਤ ਕੁਈ ਮੈਂ ਲਿਖਣੀ ਚਾਹਾਂ ਉਸ ਤਾਈਂ,
ਬੁਰਸ਼ ਮਿਰਾ ਪਰ ਉਲਟੇ ਭਾਵ ਚਿਤਰਦਾ ਹੈ।
-------
ਤੇਰੀ ਯਾਦ ਦੀ ਮਰਹਮ ਫਿਰ ਤੋਂ ਲਾ ਲੈਨਾਂ,
“ਬਾਦਲ” !ਦਿਲ ਦਾ ਜ਼ਖ਼ਮ ਜਦੋਂ ਨੂੰ ਭਰਦਾ ਹੈ।