Thursday, August 23, 2007

ਭੁੱਖ ਕੋਲ਼ੇ ਆਸ਼ਕੀ...

Posted by Picasa

ਗ਼ਜ਼ਲ

ਭੁੱਖ ਕੋਲ਼ੇ ਆਸ਼ਕੀ ਦਾ ਨਾਮ ਨਾ ਲੈ।
ਬੇ-ਵਜ੍ਹਾ ਹੀ ਸਿਰ-ਫਿਰੀ ਦਾ ਨਾਮ ਨਾ ਲੈ।
-------
ਜ਼ਿੰਦਗੀ ਜਿਸਨੇ ਬਣਾਈ ਨਰਕ ਸਾਡੀ,
ਉਸ ਦਹਾਕੇ, ਉਸ ਸਦੀ ਦਾ ਨਾਮ ਨਾ ਲੈ।
-------
ਉਮਰ ਸਾਰੀ ਮੌਤ ਥੀਂ ਜੋ ਜੂਝਿਆ ਹੈ।
ਓਸ ਕੋਲ਼ੇ ਜ਼ਿੰਦਗੀ ਦਾ ਨਾਮ ਨਾ ਲੈ।
-------
ਨੇਰ੍ਹ ਪਿੱਛੋਂ ਜੇ ਜਨਮ ਲੈਂਦਾ ਹੈ ਚਾਨਣ,
ਨੇਰ੍ਹ ਹੀ ਕਹਿ, ਰੌਸ਼ਨੀ ਦਾ ਨਾਮ ਨਾ ਲੈ।
-------
ਹੋ ਗਿਆ ਮੁਨਕਰ ਖ਼ੁਦਾ ਦੀ ਹੋਂਦ ਤੋਂ ਹੀ,
ਹੋਰ ਕਹਿ ਕੁਝ, ਬੰਦਗੀ ਦਾ ਨਾਮ ਨਾ ਲੈ।
-------
ਵੀਰ ਜੰਗਲ਼ ! ਆਦਮੀ ਤੋਂ ਕਿਉਂ ਦੁਖੀ ਹੋ?
ਰੋ ਕਿਹਾ ਉਸ,ਆਦਮੀ ਦਾ ਨਾਮ ਨਾ ਲੈ।
------
ਖਾ ਗਈ ਇਹ ਚੰਦਰੀ ਪਰਵਾਰ ਮੇਰਾ,
“ਬਾਦਲਾ”! ਮੁੜ-ਮੁੜ ਨਦੀ ਦਾ ਨਾਮ ਨਾ ਲੈ।

ਪਿਆਰ ਦਾ ਮੁੱਲ....

Posted by Picasa

ਗ਼ਜ਼ਲ

ਪਿਆਰ ਦਾ ਮੁਲ ਅਸਲ ਵਿਚ ਤਦ ਜਾਣ ਹੁੰਦੈ।
ਪਿਆਰ ਜਦ ਕਬਜ਼ਾ ਨਹੀਂ, ਪਹਿਚਾਣ ਹੁੰਦੈ।
------
ਜੋ ਦਿਸਣ ਨੂੰ ਤਾਂ ਬੜਾ ਸਿੱਧਾ ਦਿਸੇ, ਪਰ
ਸੋਚ ਦੇ ਵਿਚ ਸੌ ਤਰ੍ਹਾਂ ਦਾ ਕਾਣ ਹੁੰਦੈ।
-------
ਜੇ ਗ਼ਮਾਂ ਨੂੰ ਪਾਲ਼ੀਏ ਦਿਲ ਦੇ ਲਹੂ ਥੀਂ,
ਰੱਤ-ਪੀਣੇ ਹਿਜਰ ਨੂੰ ਤਦ ਮਾਣ ਹੁੰਦੈ।
------
ਪੀ ਕੇ ਹੰਝੂ, ਖਾ ਕੇ ਗ਼ਮ, ਤਿੜਿਆ ਫਿਰੇਂ ਤੂੰ,
ਇਹ ਵੀ ਕੋਈ ਪੀਣ ਹੁੰਦੈ, ਖਾਣ ਹੁੰਦੈ?
--------
ਧਰ ਲਿਆ ਜਾਂਦਾ ਹੈ ਮਨ ਤੇ ਭਾਰ ਤਦ ਤਕ,
ਧੌਂਖਣੀ ਦਿਲ ਦੀ ‘ਚ ਜਦ ਤਕ ਤਾਣ ਹੁੰਦੈ।
------
ਗੱਲ ਮੌਕੇ ਦੀ ਕਦੋਂ ਮੌਕੇ ‘ਤੇ ਅਹੁੜੇ?
ਵਕਤ ਤੋਂ ਪਹਿਲਾਂ ਕਦੋਂ ਕੁਝ ਠਾਣ ਹੁੰਦੈ।
------
“ਬਾਦਲਾ”! ਹੋਵੇ ਜਵਾਨੀ ਜਾਂ ਬੁਢਾਪਾ,
ਦਿਲ ਜਿਹੀ ਸ਼ੈਅ ਦਾ ਹਮੇਸ਼ਾ ਘਾਣ ਹੁੰਦੈ।

Monday, August 6, 2007

ਚੁੱਪ ਦਾ ਇਹ ਜ਼ਖ਼ਮ...

Posted by Picasa

ਗ਼ਜ਼ਲ

ਚੁੱਪ ਦਾ ਇਹ ਜ਼ਖ਼ਮ ਤੜਪਾਵੇ ਕੁੜੇ!
ਚੀਸ ਹਰ ਪਲ ਹੀ ਵਧੀ ਜਾਵੇ ਕੁੜੇ!
-----
ਚੈਨ ਬੈਠੀ ਦੂਰ ਸੁਸਤਾਵੇ ਕੁੜੇ!
ਨੀਦ ਵੀ ਬਾਤਾਂ ਜ੍ਹੀਆਂ ਪਾਵੇ ਕੁੜੇ!
-----
ਤੇਰੀ ਜ਼ਿਦ ਦੇ ਸਾਮ੍ਹਣੇ ਫ਼ਿੱਕਾ ਪਵੇ,
ਹਰ ਯਤਨ ਬੇਕਾਰ ਹੋ ਜਾਵੇ ਕੁੜੇ!
-----
ਸੱਚ ਆਖਾਂ ਜਦ ਵੀ ਤੂੰ ਗੁੱਸਾ ਕਰੇਂ,
ਰੰਗ ਤੇਰੇ ਰੂਪ ਤੇ ਆਵੇ ਕੁੜੇ!
------
ਸੁਪਨਿਆਂ ਵਿਚ ਵੀ ਹਮੇਸ਼ਾ ਚੁਪ ਰਹੇਂ।
ਹੱਥ ਸਾਡੇ ਰਹਿਣ ਪਛਤਾਵੇ ਕੁੜੇ!
-----
ਪੌਣ ਬਣਕੇ ਕੋਲ਼ ਦੀ ਜਦ ਨਿੱਕਲ਼ੇਂ,
ਓਸ ਪਲ ਝੋਰਾ ਜਿਹਾ ਖਾਵੇ ਕੁੜੇ!
-----
ਛੋਹ ਤੇਰੀ ਪਾ ਕੇ ਅਮਰ ਹੋ ਜਾਣਗੇ,
ਚੰਦਰੇ ਮਿੱਟੀ ਦੇ ਇਹ ਬਾਵੇ ਕੁੜੇ!
-----
ਬੇ-ਰੁਖ਼ੀ ਅਪਣੀ ਤੇ ਵਰ੍ਹ “ਬਾਦਲ” ਤਰ੍ਹਾਂ,
ਆਖ ਇਸਨੂੰ ਅਗ ਨਾ ਭੜਕਾਵੇ ਕੁੜੇ!

ਇੱਕ ਵਿਛੋੜਾ ਹੀ ਨਹੀਂ...

Posted by Picasa

ਗ਼ਜ਼ਲ

ਇਕ ਵਿਛੋੜਾ ਹੀ ਨਹੀਂ ਹੈ, ਦੁੱਖ ਸਾਨੂੰ ਹੋਰ ਵੀ ਨੇ।
ਲੱਖ ਸੰਭਲ਼ ਕੇ ਤੁਰਾਂ ਮੈਂ, ਝਾਂਜਰਾਂ ਨੂੰ ਬੋਰ ਵੀ ਨੇ।
-------
ਨਸਲ ਸੱਪਾਂ ਦੀ ਕਿਵੇਂ, ਫੁੱਲਾਂ ਦੇ ਕੋਲ਼ੇ ਵਧ ਲਵੇਗੀ?
ਸਿਰਫ਼ ਨਿਓਲ਼ੇ ਹੀ ਨਹੀਂ ਹਨ, ਬਾਗ ਦੇ ਵਿਚ ਮੋਰ ਵੀ ਨੇ।
-------
ਪੌਣ ਜੋ ਦਿੱਤੈ ਸੁਨੇਹਾਂ, ਓਸਦਾ ਔਖੈ ਨਿਬੇੜਾ,
ਗੀਤ ਕੋਇਲ ਦੇ ਨਾ ਕੱਲੇ, ਕਾਂ ਮਚਾਉਂਦੇ ਸ਼ੋਰ ਵੀ ਨੇ।
-------
ਕਿਊਂ ਸੁਗੰਧੀ ਲੈਣ ਖ਼ਾਤਿਰ, ਜਿੰਦ ਕੱਲੀ ਤੁਰ ਪਈ ਹੈ?
ਤਾੜ ਲਈ ਡਾਕੂਆਂ ਨੇ, ਮਾਰ ਉੱਤੇ ਚੋਰ ਵੀ ਨੇ।
------
ਕੁਝ ਭੰਵਰ ਏਦਾਂ ਦੇ ਵੀ ਨੇ, ਤਾਰ ਦਿੰਦੇ ਡੁਬਦਿਆਂ ਨੂੰ,
ਡੋਬ ਦਿੰਦੇ ਤਰਦਿਆਂ ਨੂੰ, ਇਸ ਤਰ੍ਹਾਂ ਦੇ ਛੋਰ ਵੀ ਨੇ।
------
ਠਹਿਰ ਜਾਹ ਤੂੰ, ਸਿਰ ਨਹੀਂ ਹੁੰਦੇ ਕਲਮ ਇਉਂ ਆਸ਼ਕਾਂ ਦੇ,
ਭੋਲ਼ਿਆ ਉਏ ! ਸਿਰ ਤੋਂ ਪਹਿਲਾਂ ਜੋੜ ਵੀ ਨੇ, ਪੋਰ ਵੀ ਨੇ।
-------
ਸੋਚ ਕੇ ਜੋ ਪੈਰ ਚੁੱਕਣ,ਉਹ ਥਿੜਕ ਸਕਦੇ ਨਾ “ਬਾਦਲ”!
ਸੋਚਦੇ ਹੀ ਰਹਿ ਗਏ ਜੋ,ਬੇ-ਦਿਲੇ, ਕਮਜ਼ੋਰ ਵੀ ਨੇ1

ਮੈਂ ਸਾੜ ਦਊਂ ਤੈਨੂੰ...

Posted by Picasa

ਗ਼ਜ਼ਲ

ਮੈਂ ਸਾੜ ਦਊਂ ਤੈਂਨੂੰ, ਅਗਨੀ ਨੇ ਕਿਹਾ ਡਸ ਕੇ।
ਮੈਂ ਠਾਰ ਦਊਂ ਤੈਂਨੂੰ, ਬਦਲ਼ੀ ਨੇ ਕਿਹਾ ਵਸ ਕੇ।
-------
ਦੁੱਖਾਂ ਦੀ ਹਕੀਕਤ ਤੋਂ, ਜਾਏਂਗਾ ਕਿਧਰ ਨਸ ਕੇ?
ਜੇ ਹੋ ਜੇ ਭਲਾ ਜਗ ਦਾ, ਏਨਾ ਤਾਂ ਤੂੰ ਜਾਹ ਦਸ ਕੇ।
--------
ਫਲ਼ ਸਾਰੇ ਹੀ ਦੁਨੀਆਂ ਦੇ, ਦਿੰਦੇ ਨੇ ਮਜ਼ਾ ਪੱਕਿਆਂ,
ਬੇਕਾਰ ਜਿਹਾ ਹੋਵੇ, ਇਹ ਉਮਰ ਦਾ ਫਲ਼ ਰਸ ਕੇ।
-------
ਜੇ ਲੋੜ ਪਈ ਕਿਧਰੇ, ਦੰਦਾਂ ਤੋਂ ਵੀ ਖੁਲ੍ਹਣੀ ਨਈਂ,
ਉਲਫ਼ਤ ਨੂੰ ਤੂੰ ਨਫ਼ਰਤ ਦੀ, ਨਾ ਗੰਢ ਦਵੀਂ ਕਸ ਕੇ।
--------
ਤਿਰੇ ਦਿਲ ਦੀ ਡੂੰਘਾਈ ਨੂੰ, ਨਾਪਣ ਦਾ ਹੁਕਮ ਮਿਲ਼ਿਐ,
ਚੁਪ-ਚਾਪ ਜਿਹੇ ਮੈਂਨੂੰ, ਖ਼ੰਜਰ ਨੇ ਕਿਹਾ ਧਸ ਕੇ।
-------
ਜਿਸ ਜ਼ਖ਼ਮ ਦੇ ਉੱਤੇ ਤੂੰ, ਹਥ ਫੇਰ ਕੇ ਤੁਰ ਚੱਲਿਓਂ,
ਆਰਾਮ ਕੀ ਆਉਂਣਾ ਸੀ, ਇਹ ਹੋਰ ਸਗੋਂ ਟਸਕੇ।
------
ਦਰਦਾਂ ਨੂੰ ਕਿਤੇ ਤੇਰੇ, ਘਰ ਵਲ ਨਾ ਪਵੇ ਆਉਂਣਾ,
ਸਤਿਆਂ ਨੂੰ ਸਤਾਵਣ ਦੇ, ਏਨੇ ਵੀ ਨਾ ਲੈ ਚਸਕੇ।
-----
ਤਾਂ ਹੀ ਨਾ ਨਜ਼ਰ ਆਉਂਦੇ, ਛਾਲੇ ਤੇ ਬਿਆਈਆਂ ਵੀ,
ਕਰੀ ਵਸ ‘ਚ ਕੋਮਲਤਾ, ਮਿਰੇ ਪੈਰਾਂ ਨੇ ਘਸ-ਘਸ ਕੇ।
------
ਆਪੇ ਹੀ ਪਤਾ ਲੱਗੂ, ਕੀ ਮੁੱਲ ਹੈ ਆਜ਼ਾਦੀ ਦਾ
ਤੂੰ ਵੇਖ ਲਵੀਂ “ਬਾਦਲ”!, ਪਿੰਜਰੇ ‘ਚ ਕਿਤੇ ਫਸ ਕੇ।

ਕੌਣ ਜ਼ੋਰਾਵਰ ਹੈ ਬਾਹਲ਼ਾ...

Posted by Picasa

ਗ਼ਜ਼ਲ

ਕੌਣ ਜ਼ੋਰਾਵਰ ਹੈ ਬਾਹਲ਼ਾ? ਗੱਲ ਏਥੇ ਅੜ ਗਈ।
ਪਰ ਪਤੰਗਾ ਬਚ ਰਿਹਾ, ਤੇ ਮੋਮਬੱਤੀ ਸੜ ਗਈ।
-------
ਜੱਟ ਪੱਲੇ ਤੂੜੀ ਹੀ ਤੂੜੀ ਰਹੀ ਸਾਰੀ, ਮਗਰ,
ਸੇਠ ਦੇ ਘਰ ਦਾਣਿਆਂ ਦੀ ਸਭ ਤੋਂ ਵੱਡੀ ਧੜ ਗਈ।
-------
ਅੱਜ ਤਕ ਵੀ ਦੇਸ ਸੰਕਟ ਵਿਚ ਫਸਿਆ ਹੈ ਤਦੇ, ਨ
ਨਾਰ ਇਕ ਦੁਰਗਾ ਜਿਹੀ, ਪਾੜੂ ਸਕੀਮਾਂ ਘੜ ਗਈ।
-------
ਉਸ ਹਵਾ ਨੂੰ ਕੀ ਕਹੋਗੇ? ਜੋ ਕਿ ਅੱਖਾਂ ਕੱਢ ਕੇ,
ਸੋਚ ਦੇ ਮੱਥੇ ‘ਚ ਜਾਂਦੀ ਹੋਈ ਪੱਥਰ ਜੜ ਗਈ।
-------
ਇੱਟ ਦੇ ਬਦਲੇ ‘ਚ ਪੱਥਰ ਇਸਨੂੰ ਚੁਕਣਾ ਆ ਗਿਐ,
ਨਾਰ, ਹੁਣ ਉਹ ਨਾਰ ਨਾ, ਜੋ ਸੁਣ ਕੇ ਅੰਦਰ ਵੜ ਗਈ।
-------
ਲਹਿਰ ਭਾਵੇਂ ਕੋਈ ਵੀ ਹੋਵੇ, ਫ਼ੇਲ੍ਹ ਲੋਕਾਂ ਤੋਂ ਬਿਨਾ,
ਲੋਕ ਜਦ ਵੀ ਨਾਲ਼ ਰਲ਼ਦੇ, ਜ਼ੋਰ ਓਦੋਂ ਫੜ ਗਈ।
------
ਟੁੱਟਦੇ ਤਾਰੇ ਦੀ ਏਨੀ ਕੂ ਕਥਾ ਹੈ “ਬਾਦਲਾ”!
ਪਲ ਝਪਕ ਵਿਚ ਚਮਕ ਉਸਦੀ ਰਾਖ਼ ਬਣਕੇ ਝੜ ਗਈ।

ਕੁਝ ਲੋਕ ਬੇ-ਹੋਸ਼ ਹੋ ਗਏ...

Posted by Picasa

ਗ਼ਜ਼ਲ

ਕੁੱਝ ਲੋਕ ਬੇ-ਹੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
ਕੁੱਝ ਬਿਲਕੁਲ ਖ਼ਾਮੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
-------
ਕੁੱਝ ਲੋਕ ਤਾਂ ਅਪਣੇ ਰਾਹ ਤੋਂ, ਝਿੜਕਾਂ ਨਾਲ਼ ਹੀ ਖਿਸਕੇ,
ਕੁੱਝ ਹੋਰ ਵੀ ਠੋਸ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
--------
ਕਲ੍ਹ ਹਾਕਮ ਨੇ ਇਕ ਬੇ-ਦੋਸ਼ਾ ਜਦ ਬੁਲਾਇਆ ਠਾਣੇ,
ਸਾਬਤ ਉਸਦੇ ਦੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
-------
ਸਿੱਧੇ-ਸਾਦੇ ਬੰਦੇ ਅਪਣਾ, ਸੀਸ ਤਲ਼ੀ ‘ਤੇ ਧਰ ਕੇ,
ਭਗਤ, ਸਰਾਭਾ, ਬੋਸ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
------
ਜਦ ਸ਼ਿਬਲੀ ਨੇ ਫ਼ੁੱਲ ਮਾਰਿਆ, ਰੋਇਆ ਤਦ ਮਨਸੂਰ,
ਦੂਣੇ ਖ਼ੂਨ ਤੇ ਜੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
------
ਪੁੱਤਰ ਮਾਂ ਦੇ ਨਾਲ਼ ਸਦਾ ਹੀ, ਰੁਸਦੇ ਮਨਦੇ ਆਏ,
ਓਸੇ ਦੀ ਆਗੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।
------
ਇੱਕ ਤਮਾਸ਼ਾ ਇਹ ਵੀ “ਬਾਦਲ” ਉਹ ਜਾਵਣ ਸਨਮਾਨੇ,
ਕਲ੍ਹ ਸੀ ਜੋ ਰੂ-ਪੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ।

ਕਹੇ ਹਾਕਿਮ, ਕਿ ਸਭ ਵਾਸੀ...



Posted by Picasa

ਗ਼ਜ਼ਲ

ਕਹੇ ਹਾਕਿਮ,ਕਿ ਸਭ ਵਾਸੀ ਹਿਫ਼ਾਜ਼ਤ ਨਾਲ਼ ਰਹਿੰਦੇ ਨੇ।
ਨਗਰ ਦੇ ਬੰਦ ਦਰਵਾਜ਼ੇ, ਕਹਾਣੀ ਹੋਰ ਕਹਿੰਦੇ ਨੇ।
-------
ਦਲੀਲਾਂ ਦੀ ਬਜਾਇ ਗੋਲ਼ੀਆਂ ਦਾ ਰਾਜ ਹੁੰਦੈ ਜਦ,
ਉਦੋਂ ਹੀ ਕਿੰਗਰੇ ਮਹਿਲਾਂ ਦੇ ਨੇਰ੍ਹੀ ਨਾਲ਼ ਢਹਿੰਦੇ ਨੇ।
-------
ਤੁਫ਼ਾਨਾਂ, ਨੇਰ੍ਹੀਆਂ, ਝਖੜਾਂ ਨੂੰ ਓਦੋਂ ਆ ਜਵੇ ਆਖਿਰ,
ਜਦੋਂ ਵੀ ਆਸ ਦੇ ਪੰਛੀ ਬਨੇਰੇ ਆਣ ਬਹਿੰਦੇ ਨੇ।
------
ਕਿਸੇ ਤਾਰੂ ਨੇ ਕੀਤਾ ਹੌਸਲਾ ਜਦ ਪਾਰ ਲੰਘਣ ਦਾ,
ਚੜ੍ਹੇ ਹੋਏ ਉਦੋਂ ਦਰਿਆ ਵੀ ਡਰ ਦੇ ਨਾਲ਼ ਲਹਿੰਦੇ ਨੇ।
------
ਤਦੇ ਮਿਲ਼ਦੇ ਨੇ ਸੁਖ ਉਹਨਾਂ ਨੂੰ ਆਪਣੀ ਉਮਰ ਵਿਚ ਕੇਰਾਂ,
ਤਨਾਂ ‘ਤੇ ਆਪਣੇ, ਪੱਥਰ ਜੋ ਹੱਸ ਕੇ ਰੋਜ਼ ਸਹਿੰਦੇ ਨੇ।
------
ਖਹੇ ਤੂਫ਼ਾਨ ਜਾਂ ਇਸਨੂੰ ਕਿਨਾਰੇ ਟੱਕਰਾਂ ਮਾਰਨ,
ਤਦੋਂ ਬੇੜੀ ਦੇ ਚੱਪੂ ਹੀ ਮੁਸੀਬਤ ਨਾਲ਼ ਖਹਿੰਦੇ ਨੇ।
-----
ਜੋ ਸ਼ੇਰਾਂ ਵਾਂਗ ਮੇਰੀ ਪਿੱਠ ਛਿਲਦੇ, ਚੁਗਲੀਆਂ ਕਰ-ਕਰ
ਜਦੋਂ ਮੈਂ ਸਾਮ੍ਹਣੇ ਹੁੰਨਾਂ, ਤਾਂ ਚੁਹਿਆਂ ਵਾਂਗ ਛਹਿੰਦੇ ਨੇ।
------
ਹਕੀਕਤ ਵਿਚ “ਬਾਦਲ" ਜੀ! ਇਹੀ ਗ਼ਮ ਦਾ ਨਿਕਾਸ ਹੁੰਦੈ,
ਮਗਰ ਵੇਖਣ ਨੂੰ ਅੱਖਾਂ ‘ਚੋਂ, ਅਜਾਈਂ ਹੰਝ ਵਹਿੰਦੇ ਨੇ।

ਸੁਪਨੇ ਤਿਰੇ ਨੇ ਲਾ ਲਿਆ...

Posted by Picasa

ਗ਼ਜ਼ਲ

ਸੁਪਨੇ ਤੇਰੇ ਨੇ ਲਾ ਲਿਆ, ਅੱਖਾਂ ‘ਚ ਡੇਰਾ ਰਾਤ ਭਰ।
ਤੇ ਇਸ ਤਰ੍ਹਾਂ ਹੁੰਦਾ ਰਿਹਾ, ਦੀਦਾਰ ਤੇਰਾ ਰਾਤ ਭਰ।
------
ਇੱਛਾ ਮਿਰੀ ਨੇ ਮਾਰਿਆ, ਗਲ਼ੀਆਂ ‘ਚ ਫੇਰਾ ਰਾਤ ਭਰ।
ਟੁੱਟਾ ਨਾ ਐਪਰ ਓਸਤੋਂ, ਨਜ਼ਰਾਂ ਦਾ ਘੇਰਾ ਰਾਤ ਭਰ।
-------
ਭਾਵੇਂ ਲਗਾਇਆ ਜ਼ੋਰ ਕਾਲਖ਼ ਨੇ ਬਥੇਰਾ ਰਾਤ ਭਰ।
ਪਰ ਫ਼ਟਕਿਆ ਨਾ ਮੋਮਬੱਤੀ ਕੋਲ਼ ਨੇਰ੍ਹਾ ਰਾਤ ਭਰ।
------
ਕੀ ਓਸਨੂੰ ਹੈ ਲੱਭਣਾ, ਇਸ ਇਸ਼ਕ ਦੇ ਸੰਸਾਰ ‘ਚੋਂ?
ਜੋ ਕਰ ਨਹੀਂ ਸਕਿਆ ਮਿਲਣ ਦਾ, ਆਪ ਜੇਰਾ ਰਾਤ ਭਰ।
------
ਸਹਿਜੇ ਜਿਹੇ ਹੀ ਟੁੱਟਜੇ, ਇਕਰਾਰ ਉਹ ਤੜਕੇ ਜਿਹੇ,
ਕਸਮਾਂ ਵਟਾਅ ਕੇ ਰੋਜ਼ ਜੋ, ਹੋਵੇ ਪਕੇਰਾ ਰਾਤ ਭਰ।
------
ਬਿਨ ਪੇਟ ਤੋਂ, ਬਿਨ ਲੇਫ਼ ਤੋਂ, ਸੋਚੇ ਤਾਂ ਸੋਚੇ ਕਿਸ ਤਰ੍ਹਾਂ?
ਸੜਕਾਂ ਦੇ ਕੰਢੇ ਹੀ ਰਹੇ, ਜਿਸਦਾ ਬਸੇਰਾ ਰਾਤ ਭਰ।
------
ਕੋਈ ਤਾਂ ਫ਼ੱਟਿਆ ਇਸ਼ਕ ਦਾ, ਮੈਨੂੰ ਮਿਲਾਵੋ ਲੱਭ ਕੇ,
ਕਿੱਸਾ ਸੁਣੇ ਜੋ ਬੈਠਕੇ, “ਬਾਦਲ” ਜੀ! ਮੇਰਾ ਰਾਤ ਭਰ।

Thursday, August 2, 2007

ਚੰਨ ਵਰਗੇ ਮੱਥੇ ਉੱਤੇ...

Posted by Picasa

ਗ਼ਜ਼ਲ

ਚੰਨ ਵਰਗੇ ਮੱਥੇ ਉੱਤੇ ਘੂਰੀਆਂ ਕਿਉਂ?
ਨੇੜਤਾ ਦੀ ਥਾਂ ਤੇ ਅੱਜਕਲ੍ਹ ਦੂਰੀਆਂ ਕਿਉਂ?
------
ਕਿਓਂ ਜ਼ੁਬਾਨ ਉੱਤੇ ਹੈ ਮਿਰਚਾਂ ਦਾ ਅਸਰ?
ਨਾਭੀਆਂ ’ਚੋਂ ਮੁੱਕੀਆਂ ਕਸਤੂਰੀਆਂ ਕਿਉਂ?
-------
ਜੇ ਨਹੀਂ ਸੀ ਕਿਸਮਤਾਂ ਵਿੱਚ ਦਰਜ ਹੀਰਾਂ,
ਰਾਂਝਿਆਂ ਨੇ ਚਾਰੀਆਂ ਫੇਰ ਬੂਰੀਆਂ ਕਿਉਂ?
-------
ਜੇ ਨਹੀਂ ਸੀ ਹੌਸਲੇ ਦਾ ਕੋਲ਼ ਪਾਣੀ,
ਫਿਰ ਖੁਆਈਆਂ ਲੁਕ-ਲੁਕਾ ਕੇ ਚੂਰੀਆਂ ਕਿਉਂ?
------
ਧੌਣ ਨੀਵੀਂ, ਹੱਥ ਜੋੜੇ, ਮੂੰਹ ‘ਚ ਹਾਂ ਜੀ,
ਮਿੱਠਿਆਂ ਸ਼ਬਦਾਂ ‘ਚ ਨੇ ਮਗ਼ਰੂਰੀਆਂ ਕਿਉਂ?
------
ਜਦ ਪਤਾ ਹੈ ਬਿਨ ਖ਼ੁਦਾ ਤੋਂ ਕੂੜ ਹੈ ਸਭ,
ਲੋੜਦੇ ਹਾਂ ਫੇਰ ਵੀ ਮਸ਼ਹੂਰੀਆਂ ਕਿਉਂ?
-----
“ਬਾਦਲਾ”! ਤੂੰ ਪੁੱਛ ਕੇ ਦੱਸੀ ਖ਼ੁਦਾ ਨੂੰ
ਮੇਰੇ ਹੀ ਕਰਮਾਂ ਦੇ ਵਿੱਚ ਮਜਬੂਰੀਆਂ ਕਿਉਂ?

ਸੱਜਣਾ! ਬਾਹਲ਼ੀ ਬੱਲੇ-ਬੱਲੇ...

Posted by Picasa

ਗ਼ਜ਼ਲ

ਸੱਜਣਾ ! ਬਾਹਲ਼ੀ ਬੱਲੇ-ਬੱਲੇ।
ਲਾਹ ਲੈਂਦੀ ਹੈ ਇੱਕ ਦਿਨ ਥੱਲੇ।
-----
ਜ਼ਖ਼ਮ ਕਿਸੇ ਦੇ ਛੇੜ ਨਾ ਅੱਲੇ।
ਸਹਿ ਨਈਂ ਹੋਣੇ ਮੁੜਕੇ ਹੱਲੇ।
-----
ਜੋ ਘਰ ਤੋਂ ਸੀ ਰਲ਼ ਕੇ ਚੱਲੇ।
ਕਾਹਤੋਂ ਹੋ ਗਏ ਕੱਲੇ-ਕੱਲੇ।
-----
ਵਾਰ ਜਿਨ੍ਹਾਂ ਨੇ ਹੱਸ-ਹੱਸ ਝੱਲੇ।
ਓਹਨਾਂ ਹੀ ਇਤਿਹਾਸ ਨੇ ਮੱਲੇ।
------
ਫਿਰ ਸ਼ੀਸ਼ੇ ਦਾ ਡਰ ਲਹਿਣਾ ਹੈ
ਸ਼ਿਲਤਾਂ ਨੇ ਜਦ ਪੱਥਰ ਸੱਲੇ।
-----
ਕਿਉਂ ਪੌਣਾਂ ਨੂੰ ਜੱਫ਼ੇ ਪਾਉਨੈਂ?
ਜਾਣਾ ਆਖਰ ਕਲ-ਮ-ਕਲੇ।
-----
“ਬਾਦਲ”! ਜੱਗ ਦਾ ਕੀ ਸੰਵਰਨਗੇ?
ਨੁਕਤੇ ਤੇਰੇ ਝੱਲ-ਵਲੱਲੇ।

ਬੂ-ਦੁਹਾਈ ਪਾ ਰਹੇ ਅੱਖਰ...



Posted by Picasa

ਗ਼ਜ਼ਲ

ਬੂ-ਦੁਹਾਈ ਪਾ ਰਹੇ ਅੱਖਰ ਮਿਲ਼ੇ।
ਸ਼ੀਸ਼ਿਆਂ ਦੇ ਸ਼ਹਿਰ ਵਿੱਚ ਪੱਥਰ ਮਿਲ਼ੇ।
------
ਸਾਗਰਾਂ ਤੇ ਪਰਬਤਾਂ ਦੇ ਫ਼ੁੱਲ ਸੀ।
ਜ਼ਿੰਦਗੀ ਵਿਚ ਰਾਹ ਬੜੇ ਪੱਧਰ ਮਿਲ਼ੇ।
------
ਸ਼ਹਿਦ ਬੋਲਾਂ ਦਾ ਜਾਂ ਚਾਹਿਆ ਚੱਖਣਾ,
ਮੂੰਹ ਚਿੜਾਉਂਦੀ ਸੱਖਣੀ ਖੱਖਰ ਮਿਲ਼ੇ।
------
ਸੋਚ ਜਦ ਪਰਤੀ ਮੁਕਾ ਕੇ ਭਟਕਣਾ,
ਹਰ ਗਲ਼ੀ, ਵਿਹੜੇ ਦੇ ਵਿਚ ਸੱਥਰ ਮਿਲ਼ੇ।
------
ਫ਼ੁੱਲਾਂ-ਕਲੀਆਂ ਨੇ ਮਹਿਕ ਨੂੰ ਆਖਿਆ,
ਭੌਰਿਆਂ ਦੇ ਰੂਪ ਵਿਚ ਮੱਛਰ ਮਿਲ਼ੇ।
------
ਲੜਖੜਾਉਂਦੀ, ਫੜਫੜਾਉਂਦੀ ਜ਼ਿੰਦਗੀ,
ਜ਼ਿੰਦਗੀ ਦੇ ਕਾਸੇ ਵਿਚ ਚੱਕਰ ਮਿਲ਼ੇ।
------
ਪੈਰ ਨਾ ਕਟ, ਮੰਗਾਂ ਤੇ ਬੰਦਿਸ਼ ਲਗਾ,
ਫਿਰ ਕਿਵੇਂ ਨਾ ਮੇਚ ਦੀ ਚੱਦਰ ਮਿਲ਼ੇ।
-------
ਇੱਕ ਵਾਰੀ “ਬਾਦਲਾ” ! ਦੀਦਾਰ ਦਿਹ,
ਫੇਰ ਚਾਹੇ ਲੂਅ ਮਿਲ਼ੇ, ਕੱਕਰ ਮਿਲ਼ੇ।

ਫਿਰ ਮੁਹੱਬਤ ਤਿਰੀ...

Posted by Picasa

ਗ਼ਜ਼ਲ

ਫਿਰ ਮੁਹੱਬਤ ਤਿਰੀ ਮੋੜ ਕੇ ਲੈ ਗਈ।
ਫਿਰ ਕਸਮ ਤੇਰੇ ਦਰ ਤੋਂ ਉਰੇ ਰਹਿ ਗਈ।
------
ਫਿਰ ਕੁਈ ਚੀਜ਼ ਤੇਰੇ ਘਰ੍ਹੇ ਰਹਿ ਗਈ?
ਫਿਰ ਮੁਸੀਬਤ ਨਵੀਂ ਇੱਕ ਗਲ਼ੇ ਪੈ ਗਈ।
------
ਮੈਂ ਸਮਝਦਾ ਰਿਹਾ ਪੌਣ ਹੀ ਸਾਂ ਜਿਨੂੰ,
ਉਹ ਤਬਾਹੀ ਦੀ ਗੱਲ ਕੰਨ ਵਿੱਚ ਕਹਿ ਗਈ।
------
ਦੱਸੋਂ ਨੀਹਾਂ ਤੇ ਛੱਤਾਂ ਨੂੰ ਪੂਜਾਂ ਕਿਵੇਂ?
ਕੰਧ ਵਿਸ਼ਵਾਸ ਦੀ ਹੀ ਜਦੋਂ ਢਹਿ ਗਈ।
------
ਦੂਰ ਪਰਦਾ ਕੀ ਹੋਇਆ ਓਦ੍ਹੇ ਮੁੱਖ ਤੋਂ,
ਭੈੜੇ ਪਿੱਤਲ਼ ਤੋਂ ਜੀਕਣ ਕਲੀ ਲਹਿ ਗਈ।
-------
ਧਾਰ ਅਸ਼ਕਾਂ ਦੀ ‘ਕੱਲੀ ਨਹੀਂ ਹੈ ਵਗੀ,
ਨਾਲ਼ ਕਜਲੇ ਦੀ ਕਾਲ਼ਖ਼-ਕਲੀ ਵਹਿ ਗਈ।
------
ਫ਼ਰਕ ਦੁਨੀਆਂ ਨੇ ਮਹਿਸੂਸ ਕੀਤਾ ਬੜਾ,
ਸੋਚ “ਬਾਦਲ” ਦੀ ਅਜ-ਕਲ ਸੁਧਰ ਹੈ ਗਈ।

ਕੁੱਝ ਮਿਰੀ ਬਾਤ ਸੁਣਿਓਂ...

Posted by Picasa

ਗ਼ਜ਼ਲ

ਕੁਝ ਮਿਰੀ ਬਾਤ ਸੁਣਿਓਂ, ਕੁਝ ਆਪਣੀ ਬਾਤ ਕਰਿਓ!
ਜੇ ਬਾਤ ਮੁੱਕ ਵੀ ਜਾਵੇ, ਤਾਂ ਵੀ ਹੁੰਘਾਰਾ ਭਰਿਓ!
-----
ਖ਼ਾਰਾਂ ਨੂੰ ਹੱਥ ਲਾਕੇ, ਐਵੇਂ ਨਾ ਪਰਤ ਆਵਾਂ,
ਜਿਸ ਨਾਲ ਹੋਵਾਂ ਬੇਹਬਲ, ਏਨੀ ਕੁ ਪੀੜ ਜਰਿਓ!
------
ਪੱਤੀ ਤੇ ਫ਼ੁੱਲ ਦੋਵੇਂ, ਹਸਰਤ ਦੇ ਨਾਲ਼ ਵੇਖਣ,
ਕੱਪੜੇ ਤਰ੍ਹਾਂ ਲਿਪਟ ਕੇ, ਮੋਢੇ ਤੇ ਹੱਥ ਧਰਿਓ!
------
ਪਾਣੀ ਦਾ ਵਹਿਣ ਕਿਧਰੇ, ਹਿੰਮਤ ਮੁਕਾ ਨਾ ਦੇਵੇ,
ਪਾਣੀ ਨੂੰ ਨਾਲ਼ ਲੈ ਕੇ, ਉਲਟੀ ਦਿਸ਼ਾ ਨੂੰ ਤਰਿਓ!
------
ਚਾਨਣ ਦੀ ਲੋੜ ਹੋਈ, ਤਲ਼ੀਆਂ ਨੂੰ ਰਗੜ ਲ਼ੈਣਾ,
ਰੱਸੀ ਦੇ ਸੱਪ ਕੋਲ਼ੋਂ, ਨਾ ਭੁੱਲ ਕੇ ਵੀ ਡਰਿਓ!
-----
ਬੁੱਕਲ਼ ਮਿਰੀ ਦਾ ਮੌਸਮ, ਵਾਤਨਕੂਲ ਪੂਰਾ,
ਗਰਮੀ ਦੇ ਵਿਚ ਨਾ ਸੜਿਓ, ਸਰਦੀ ਦੇ ਵਿਚ ਨਾ ਠਰਿਓ!
------
ਜੀਕਣ ਪਹਾੜ ਉੱਤੋਂ, ਜਰਖ਼ੇਜ਼ ਮਿੱਟੀ ਆਵੇ,
ਫੁੱਲਾਂ ਨੂੰ ਖਾਦ ਮਿਲ਼ਜੇ, ਖਰਨੈ ਤਾਂ ਇੰਝ ਖਰਿਓ!
-----
ਇਉਂ ਹਾਰ ਮੰਨ ਲੈਣਾ, ਹੈ ਜਿੱਤ ਦੀ ਨਮੋਸ਼ੀ,
ਜਿਤਣੈ ਤਾਂ ਖ਼ੁਦ ਨੂੰ ਜਿਤਿਓ, ਹਰਨਾ ਤਾਂ ਖ਼ੁਦ ਨੂੰ ਹਰਿਓ!
------
ਹੈ ਮੰਗ ਤਾਂ ਨਿਗੂਣੀ, ਇਕਰਾਰ ਕਰ ਲਵੋ ਪਰ,
'ਬਾਦਲ' ਦੇ ਨਾਲ਼ ਹੀ ਜੀਈਓ, 'ਬਾਦਲ' ਦੇ ਨਾਲ਼ ਹੀ ਮਰਿਓ!

ਆਪਣਾ ਵਜੂਦ...

Posted by Picasa

ਗ਼ਜ਼ਲ

ਆਪਣਾ ਵਜੂਦ ਇਉਂ ਵੀ, ਭਰਪੂਰ ਕਰ ਲਿਐ ਮੈਂ।
ਰੋਹੀ ਦਾ ਫੁੱਲ ਬਣਨਾ ਮਨਜ਼ੂਰ ਕਰ ਲਿਐ ਮੈਂ।
-------
ਖ਼ੁਸ਼ਬੂ ਤਿਰੀ ਨੇ ਉਸ ਦਿਨ, ਦਿੱਤਾ ਸੀ ਜ਼ਖ਼ਮ ਜਿਹੜਾ,
ਐ ਫੁੱਲਲ ! ਵੇਖ ਆਕੇ, ਨਾਸੂਰ ਕਰ ਲਿਐ ਮੈਂ।
-------
ਅਗਨੀ ‘ਚ ਹੱਥ ਪਾਉਂਣਾ, ਪਾਣੀ ‘ਚ ਛੇਕ ਕਰਨਾ,
ਵਾਵਾਂ ਥੀਂ ਦਸਤ-ਪੰਜਾ, ਦਸਤਰੂ ਕਰ ਲਿਐ ਮੈਂ।
-------
ਨਾ ਵਿਹਲ ਸੱਲ ਦੀ ਹੈ, ਨਾ ਹੀ ਥਕਾਨ ਪੋਂਹਦੀ,
ਉਸਦਾ ਖ਼ਿਆਲ ਖ਼ੁਦ ਵਿਚ, ਪੁਰਨੂਰ ਕਰ ਲਿਐ ਮੈਂ।
------
ਰਸਤੇ ਦੀ ਧੂੜ ਫੜ ਕੇ, ਸੁਰਮਾ ਬਣਾ ਲਈ ਹੈ,
ਨੈਣਾਂ ਦੀ ਲਿਸ਼ਕ ਤਾਈਂ, ਕੁਹਤੂਰ ਕਰ ਲਿਐ ਮੈਂ।
------
ਹੁਣ ਫ਼ਰਕ ਜਾਪਦਾ ਨਾ, ਲਬਰੇਜ਼ ਹੈ ਜਾਂ ਖ਼ਾਲੀ,
ਸੰਤੋਖ ਨਾਲ਼ ਕਾਸਾ , ਮਖ਼ਮੂਰ ਕਰ ਲਿਐ ਮੈਂ।
------
ਉਹ ਝੂਰਦੇ ਨੇ “ਬਾਦਲ”!, ਜੋ ਹਾਦਿਸੇ ਤੋਂ ਡਰਦੇ,
ਏਸੇ ਲਈ ਹੀ ਖ਼ੁਦ ਨੂੰ, ਮਨਸੂਰ ਕਰ ਲਿਐ ਮੈਂ।