Sunday, November 25, 2007

ਸੱਚ ਵੇਖ ਕੇ...


ਗ਼ਜ਼ਲ

ਸੱਚ ਵੇਖ ਕੇ, ਝੂਠੇ ਮੂੰਹੋਂ ਉਡ ਜਾਂਦੀ ਮੁਸਕਾਨ।
ਸੱਚੇ ਦੇ ਸਿਰ ‘ਤੇ ਹੱਥ ਰਖਦੇ, ਗੀਤਾ, ਗ੍ਰੰਥ, ਕੁਰਾਨ।
------
ਪੀਹੜੀ, ਪਟੜੀ, ਚਰਖਾ, ਪੌੜੀ, ਪੰਘੂੜਾ ਤੇ ਸੀੜ੍ਹੀ,
ਫਿਰ ਵੀ ਬਿਰਖਾਂ ਨੂੰ ਕਟ ਕਰਦੈਂ, ਕੁਦਰਤ ਦਾ ਅਪਮਾਨ।
-------
ਉਪਰੋਂ ਤੇਰੀ ਪਿਆਰ-ਮੁਹੱਬਤ, ਹਰ ਪਲ ਹੀ ਛਲ਼ਦੀ ਹੈ,
ਸੱਚੇ ਦਿਲ ਤੋਂ ਅਗਰ ਕਰੇਂ ਤਾਂ, ਨਫ਼ਰਤ ਵੀ ਪਰਵਾਨ।
------
ਨਫ਼ਰਤ ਦਾ ਕੀ? ਇਹ ਤਾਂ ਚੰਦਰੀ ਤਾਂ ਝਟ-ਪਟ ਹੈ ਮੁਕ ਸਕਦੀ,
ਬਹੁਤ ਸੁਖਾਲ਼ਾ ਢੰਗ ਹੈ, ਕਰ ਲੈ, ਉਲਫ਼ਤ ਵਿਚ ਇਸ਼ਨਾਨ।
------
ਇਕ ਤੀਲੇ ਦੀ ਕੀਮਤ ਪੈਂਦੀ, ਆਫ਼ਤ ਦੇ ਵਿਚ ਸੱਜਣਾ!
ਵਕਤ ਦੇ ਕੋਲ਼ੋਂ ਡਰਨਾ ਚੰਗੈ, ਵਕਤ ਬੜਾ ਬਲਵਾਨ।
------
ਕਾਲ-ਬੈੱਲ ਦੇ ਨਾਲ਼ ਹੀ ਚੰਦਰੇ, ਫ਼ੋਨ ਦੀ ਘੰਟੀ ਵੱਜੀ,
ਦਿਲ ਪਹਿਲੂ ਦੇ ਅੰਦਰ ਧੜਕੇ, ਮੁੱਠੀ ਦੇ ਵਿਚ ਜਾਨ।
------
ਮਾਈਕ ਵਾਲ਼ਾ, ਦਰੀਆਂ ਵਾਲ਼ਾ, ਸੁੰਗੜੇ ਸੱਦਾ-ਪੱਤਰ,
ਬਹੁਤ ਖ਼ਮੋਸ਼ੀ ਵਿਚ ਹੋਇਆ ਹੈ, “ਬਾਦਲ” ਦਾ ਸਨਮਾਨ।

ਮੁਹੱਬਤ ਸ਼ਬਦ ਸੁੰਦਰ ਹੈ...


ਗ਼ਜ਼ਲ

ਮੁਹੱਬਤ ਸ਼ਬਦ ਸੁੰਦਰ ਹੈ, ਸਲੇਟੀ ਹੀਰ ਦੇ ਨਾਲ਼ੋਂ।
ਇਦ੍ਹਾ ਇਹ ਰੂਪ ਬਿਹਤਰ ਹੈ, ਸਲੇਟੀ ਹੀਰ ਦੇ ਨਾਲ਼ੋਂ।
-----
ਜਦੋਂ ਤੂੰ ਘੌਲ਼ ਕਰਦਾ ਏਂ, ਮਿਰੇ ਤਕ ਆਉਂਣ ਦੀ ਸੱਜਣਾ!
ਤਿਰਾ ਮਨ ਹੁੰਦਾ ਆਤੁਰ ਹੈ, ਸਲੇਟੀ ਹੀਰ ਦੇ ਨਾਲ਼ੋਂ।
------
ਕਿਸੇ ਸੱਸੀ, ਕਿਸੇ ਸੋਹਣੀ, ਨੂੰ ਮੈਂ ਓਨਾ ਨਹੀਂ ਮਨਦਾ,
ਤਿਰੇ ਲਈ ਬਹੁਤ ਆਦਰ ਹੈ, ਸਲੇਟੀ ਹੀਰ ਦੇ ਨਾਲ਼ੋਂ।
------
ਇਹ ਸੂਰਜ, ਚੰਨ, ਤਾਰੇ, ਫੁੱਲ, ਕਲੀਆਂ ਨਾਮ ਨੇ ਤੇਰੇ,
ਤਿਰਾ ਉੱਚਾ ਮੁਕੱਦਰ ਹੈ, ਸਲੇਟੀ ਹੀਰ ਦੇ ਨਾਲ਼ੋਂ।
------
ਕਿਸੇ ਔਰਤ ਨੇ ਕਲ੍ਹ ਪੁੱਛਿਆ ਸੀ, ਤੀਆਂ ਵਿਚ ਕੁੜੀਆਂ ਨੂੰ,
ਕੁੜੀ ਕਿਹੜੀ ਬਹਾਦੁਰ ਹੈ? ਸਲੇਟੀ ਹੀਰ ਦੇ ਨਾਲ਼ੋਂ।
-----
ਉਹੋ ਚੂਰੀ ਖੁਆਉਂਦੀ ਸੀ, ਖੁਆਏ ਗ਼ਮ ਨੇ ਤੂੰ ਮੈਨੂੰ,
ਤਿਰਾ ਇਕ ਦਰਜਾ ਉੱਪਰ ਹੈ, ਸਲੇਟੀ ਹੀਰ ਦੇ ਨਾਲ਼ੋਂ।
------
ਜਦੋਂ ਚਾਹੇਂ ਇਹ “ਬਾਦਲ” ਪਿਆਰ ਦੀ ਬਰਸਾਤ ਕਰ ਦੇਵੇ,
ਤਿਰੇ ਕਬਜ਼ੇ ‘ਚ ਇੰਦਰ ਹੈ, ਸਲੇਟੀ ਹੀਰ ਦੇ ਨਾਲ਼ੋਂ।