Tuesday, March 15, 2011

ਤਰਲਿਆਂ ਦੇ ਨਾਲ਼ ਲੰਘੇ ਜ਼ਿੰਦਗੀ...

ਗ਼ਜ਼ਲ

ਤਰਲਿਆਂ ਦੇ ਨਾਲ਼ ਲੰਘੇ ਜ਼ਿੰਦਗੀ।

ਕਰ ਗਈ ਹੈ ਜ਼ਖ਼ਮ ਨੰਗੇ ਜ਼ਿੰਦਗੀ।

-----

ਕੱਲ੍ਹ ਰਾਹ ਵਿਚ ਸਿਰਫਿਰੇ ਕਲਬੂਤ ਤੋਂ,

ਰੂਹ ਦੀ ਪੌਸ਼ਾਕ ਮੰਗੇ ਜ਼ਿੰਦਗੀ।

-----

ਫ਼ੈਸਲੇ ਕੌੜੇ ਨਾ ਲੈ ਦੋਪਹਿਰ ਨੂੰ,

ਸ਼ਾਮ ਨੂੰ ਨਾ ਰੋਜ਼ ਸੰਗੇ ਜ਼ਿੰਦਗੀ।

-----

ਰੂਹ ਤੇ ਕਲਬੂਤ ਵਿਚ ਜੋ ਆ ਗਿਆ,

ਫ਼ਾਸਲਾ ਕੀਕਣ ਉਲੰਘੇ ਜ਼ਿੰਦਗੀ?

-----

ਹੋਸ਼ ਦੀ ਐਨਕ ਵੀ ਮੱਦਦ ਨਾ ਕਰੇ,

ਸੋਚ ਵਿਚ ਪੰਗੇ ਹੀ ਪੰਗੇ, ਜ਼ਿੰਦਗੀ।

-----

ਤਾਰਿਆਂ ਤਕ ਹੀ ਜੇ ਚੱਕਰ ਲੱਗ ਜੇ,

ਖ਼ਾਬ ਦਾ ਸੂਰਜ ਵੀ ਰੰਗੇ ਜ਼ਿੰਦਗੀ।

-----

ਫੁੱਲ ਦੀ ਪੱਤੀ ਤੇ ਸ਼ਬਨਮ ਕੀ ਪਈ,

ਵੇਖ ਲੀ ਸਭ ਨੇ ਮੂੰਹ-ਨੰਗੇ ਜ਼ਿੰਦਗੀ।

-----

ਹੋਰ ਸਾਰੇ ਦੁੱਖ ਹੀ ਮਨਜ਼ੂਰ ਨੇ,

ਹਿਜਰ ਦੀ ਸੂਲ਼ੀ ਨਾ ਟੰਗੇ ਜ਼ਿੰਦਗੀ।

-----

ਹੋ ਗਈ ਹੈ ਇਉਂ ਵੀ ਹਿਜਰਤ ਬਾਦਲਾ’!

ਬੁੱਤ 'ਜਗਰਾਓਂ' ਤੇ 'ਬੰਗੇ' ਜ਼ਿੰਦਗੀ।



Friday, August 20, 2010

ਅੱਖਾਂ ਸਾਂਭਣ ਕੀਕਣ ਸੁਪਨਾ ਟੁਕੜੇ-ਟੁਕੜੇ...

ਗ਼ਜ਼ਲ

ਅੱਖਾਂ ਸਾਂਭਣ ਕੀਕਣ ਸੁਪਨਾ ਟੁਕੜੇ-ਟੁਕੜੇ?

ਡਿੱਗੇ ਤੋਂ ਬਿਨ ਹੋਇਆ ਸ਼ੀਸ਼ਾ ਟੁਕੜੇ-ਟੁਕੜੇ?

-----

ਬਾਰੀ ਦਾ ਬਣ ਬੈਠਾ ਤੇ ਹਮਰਾਜ਼ ਰਿਹਾ ਨਾ,

ਕਰ ਸੁੱਟਿਆ ਮੈਂ ਸਾਰਾ ਪਰਦਾ ਟੁਕੜੇ-ਟੁਕੜੇ

-----

ਮਿੱਠੇ ਬੋਲਾਂ ਪੱਕੇ-ਪੀਢੇ ਜੋੜ ਲਗਾਏ,

ਕੌੜੇ ਬੋਲਾਂ ਕੀਤਾ ਬੰਦਾ ਟੁਕੜੇ-ਟੁਕੜੇ

-----

ਦਿਲ ਵੀ ਸ਼ੀਸ਼ਾ, ਸ਼ੀਸ਼ਾ ਵੀ ਦਿਲ, ਦੋਵੇਂ ਟੁਟਦੇ,

ਕੋਈ ਵੀ ਨਾ ਹੋ ਕੇ ਜੁੜਦਾ ਟੁਕੜੇ-ਟੁਕੜੇ

-----

ਰੋਜ਼ ਸ਼ਰਾਫ਼ਤ ਅਤੇ ਹਲੀਮੀ ਸਾਨੂੰ ਪਰਖ਼ੇ,

ਪੱਥਰ ਨੂੰ ਵੀ ਕਰ ਗਿਆ ਨਖ਼ਰਾ ਟੁਕੜੇ-ਟੁਕੜੇ?

-----

ਓਧਰ ਡਰ ਨੇ ਜਦ ਸਭ ਨੂੰ ਇਤਫ਼ਾਕ਼ ਬਖ਼ਸ਼ਿਆ,

ਹੋਇਆ ਏਧਰ ਝਟ-ਪਟ ਖ਼ਤਰਾ ਟੁਕੜੇ-ਟੁਕੜੇ?

-----

ਲੈ ਚੱਲੋ ਇਕ ਜੁਗਨੂੰ ਫੜ ਕੇ ਘਰ ਨੂੰ ਬਾਦਲ’,

ਕਰੀਏ ਫਿਰ ਤੋਂ ਗੂੜ੍ਹਾ-ਨ੍ਹੇਰਾ ਟੁਕੜੇ-ਟੁਕੜੇ?

Monday, November 30, 2009

ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ...




ਗ਼ਜ਼ਲ

ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ।

ਇਕ ਫੁੱਲ ਖ਼ਾਰ ਬਣਕੇ, ਬਹਿੰਦੈ ਪਰੇ-ਪਰੇ।

-----

ਚੁਪ ਦੀ ਅਵਾਜ਼ ਦੇ ਵਿਚ, ਗੱਲਾਂ ਦਾ ਅੰਤ ਨਾ,

ਗੱਲ ਮੂੰਹ ਤੇ ਆਈ ਹੋਈ, ਕਹਿੰਦੈ ਪਰੇ-ਪਰੇ।

-----

ਮਿਲ਼ਦੈ, ਉਹ ਜਦ ਵੀ ਮਿਲ਼ਦੈ, ਮੁਸਕਾਨ ਦੀ ਤਰ੍ਹਾਂ,

ਮੁਸਕਾਨ ਹੇਠ ਦੁਖੜੇ, ਸਹਿੰਦੈ ਪਰੇ-ਪਰੇ।

-----

ਲੋਹੇ ਦੀ ਕੰਧ ਬਣਕੇ, ਖੜ੍ਹਦਾ ਹੈ ਸਾਮ੍ਹਣੇ,

ਕੱਚੀ ਦਿਵਾਰ ਵਾਂਗੂੰ, ਢਹਿੰਦੈ ਪਰੇ-ਪਰੇ।

-----

ਉਛਲ਼ੇ ਜਵਾਰ-ਭਾਟਾ, ਸਾਗਰ ਦੇ ਵਿਚ, ਮਗਰ,

ਰੇਤਲ਼-ਨਦੀ ਜਾਂ ਬਣਦੈ, ਵਹਿੰਦੈ ਪਰੇ-ਪਰੇ।

-----

ਉਡਦੈ ਰਕ਼ੀਬ ਕੋਲ਼ੇ, ਵਾਂਗੂੰ ਉਕਾਬ ਦੇ,

ਛਤਰੀ ਵਿਯੋਗ ਦੀ ਤੇ, ਲਹਿੰਦੈ ਪਰੇ-ਪਰੇ।

-----

ਬਾਦਲ ਨੇ ਬੰਨ੍ਹ ਲਿਆ ਹੈ, ਪਾਣੀ ਵਿਵੇਕ ਦਾ

ਬੇੜੀ ਚ ਵੇਖ ਉਸਨੂੰ, ਖ਼ਹਿੰਦੈ ਪਰੇ-ਪਰੇ।

Wednesday, October 7, 2009

ਝੂਠ ਹੈ ਕਿ ਰੌਸ਼ਨੀ ਬਿਨ ਪਲ ‘ਚ...


ਗ਼ਜ਼ਲ

ਝੂਠ ਹੈ ਕਿ ਰੌਸ਼ਨੀ ਬਿਨ ਪਲ ਚ ਮਰ ਜਾਵਾਂਗਾ ਮੈਂ।

ਸੱਚ ਇਹ ਹੈ, ਨੇਰ੍ਹਿਆਂ ਵਿਚ ਦੀ ਗੁਜ਼ਰ ਜਾਵਾਂਗਾ ਮੈਂ।

-----

ਪੀੜ, ਗ਼ਮ, ਰੋਸਾ, ਜੁਦਾਈ ਹੱਸ ਕੇ ਜਰ ਜਾਵਾਂਗਾ ਮੈਂ।

ਇਉਂ ਸਮੇਂ ਦੀ ਹਿੱਕ ਤੇ ਅੰਗਿਆਰ ਧਰ ਜਾਵਾਂਗਾ।

-----

ਨੀ ਹਵਾਏ! ਇਕ ਸੁਨੇਹਾ ਤੂੰ ਸਜਨ ਨੂੰ ਦੇ ਦਵੀਂ,

ਉਂਗਲ਼ਾਂ ਨੇ ਫੇਰ ਉਠ ਪੈਣੈਂ, ਅਗਰ ਜਾਵਾਂਗਾ ਮੈਂ।

-----

ਸੋਚ ਕੇ ਕਰਿਓ ਹਵਾਲੇ ਪਾਣੀਆਂ ਦੇ, ਦੋਸਤੋ!

ਲੂਣ ਨਾ ਸਮਝੋ ਤੁਸੀਂ ਕਿ ਐਂਵੇਂ ਖ਼ਰ ਜਾਵਾਂਗਾ ਮੈਂ।

-----

ਜ਼ਖ਼ਮ ਇਕ ਵੀ ਪਿੱਠ ਮੇਰੀ ਤੇ ਨਜ਼ਰ ਆਉਂਣਾ ਨਹੀਂ,

ਵਾਰ ਹਿੱਕ ਤੇ ਰੋਕਦਾ ਹੀ, ਰਣ ਚ ਮਰ ਜਾਵਾਂਗਾ ਮੈਂ।

-----

ਐ ਦਿਲਾ! ਤੂੰ ਖ਼ੁਦ ਸੰਭਲ਼, ਐਂਵੇਂ ਨਾ ਮੇਰੀ ਫ਼ਿਕਰ ਕਰ,

ਜ਼ਖ਼ਮ ਹੀ ਹਾਂ, ਮੇਰਾ ਕੀ ਹੈ, ਫੇਰ ਭਰ ਜਾਵਾਂਗਾ ਮੈਂ।

-----

ਸੋਚਣੀ ਉਹਨਾਂ ਦੀ ਵੀ ਲਗਦੀ ਹੈ ਬਾਦਲ ਠੀਕ, ਪਰ,

ਇੰਝ ਬਿਖ਼ਰਾਂਗਾ, ਬਿਖ਼ਰ ਕੇ ਹੋ ਅਮਰ ਜਾਵਾਂਗਾ ਮੈਂ।

Sunday, August 30, 2009

ਕਦੀ ਮਨ ਚੰਦਰਾ ਪਲ ਨੂੰ ਸਦੀ ਆਖੇ...







ਗ਼ਜ਼ਲ

ਕਦੀ ਮਨ ਚੰਦਰਾ ਪਲ ਨੂੰ ਸਦੀ ਆਖੇ।

ਸਦੀ ਇਕ ਪਲ ਚ ਗੁਜ਼ਰੀ ਹੈ, ਕਦੀ ਆਖੇ।

-----

ਹੁਣੇ ਆਇਆ, ਭਲਾ ਉਸਦਾ ਮੈਂ ਕਰ ਆਵਾਂ,

ਪਤਾ ਨੀ, ਦਿਲ ਚ ਕਦ ਉਠਣੀ ਬਦੀ, ਆਖੇ।

-----

ਸਕੂਨ ਉਸਨੂੰ ਮਿਲ਼ੂ ਤੇ ਪੀੜ ਦਿਲ ਤਾਈਂ,

ਵਿਛੋੜੇ ਦੀ ਹਵਾ ਅਜ ਰੁਮਕਦੀ ਆਖੇ।

-----

ਪਿਆਸੀ ਮੀਨ ਨੇ ਪੀ ਕੇ ਸਮੁੰਦਰ, ਫਿਰ

ਮਿਰੇ ਵਲ ਕਰ ਲਿਆ ਹੈ ਰੁਖ਼, ਨਦੀ ਆਖੇ।

----

ਕਵਚ ਪਾਕੇ ਠਰਾਂ ਕੀਕਣ ਮੈਂ ਬਾਦਲ ਜੀ!

ਸੁਆਹ ਦੇ ਹੇਠ ਅਗਨੀ ਸੁਲ਼ਘਦੀ ਆਖੇ।

Friday, July 10, 2009

ਸਾਗਰ ਅਗਰ ਬਿੱਫ਼ਰ ਗਿਆ...


ਗ਼ਜ਼ਲ

ਸਾਗਰ ਅਗਰ ਬਿੱਫ਼ਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

ਮਾਂਝੀ ਤਿਰਾ ਘਾਬਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਘਰ ਬਣ ਅਗਰ ਖੰਡਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

ਹੋ ਖ਼ੁਸ਼ਕ ਜੇ ਸਾਗਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਗ਼ਮ, ਡਰ, ਘੁਟਨ, ਪੀੜਾ, ਨਿਹੋਰੇ ਥੀਂ ਪਰੋ ਕੇ ਭੇਜਿਆ,

ਇਹ ਹਾਰ ਜੇ ਬਿੱਖਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਜਦ ਦੂਰ ਸੈਂ, ਤਦ ਠੀਕ ਸੀ, ਯਾਦਾਂ ਤਾਂ ਤੇਰੇ ਕੋਲ਼ ਸਨ,

ਨੇੜੇ ਵੀ ਜੇ ਓਦਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਐਵੇਂ ਲਕੀਰਾਂ ਵਾਹ ਰਿਹਾਂ, ਬਿਨ ਸੋਚਿਓਂ, ਬਿਨ ਸਮਝਿਓਂ,

ਜੇ ਬਣ ਤਿਰਾ ਚਿੱਤਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਤੇਰੇ ਗਲ਼ੇ ਚ ਹਾਰ ਹੱਸ ਕੇ ਪਾਊਂਗਾ, ਪਰ ਨਾਲ਼ ਹੀ,

ਜੇ ਗਿਰ ਕੋਈ ਅੱਥਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਕਾਲਖ਼ ਤਿਰੀ ਨੂੰ ਚੀਰ ਕੇ, ਜੇ ਰਿਸ਼ਮ ਕੁਈ ਚਮਕੀ, ਅਤੇ,

ਚਿਹਰਾ ਮਿਰਾ ਨਿੱਖ਼ਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਹੁਣ ਵੀ ਸੰਭਲ ਓ ਰਹਿਬਰਾ! ਹੱਥੋਂ ਤਿਰੇ ਜੇ ਦੇਸ਼ ਦੀ,

ਧਰਤ ਗਈ, ਅੰਬਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

----

ਸੁਣ ਬਾਦਲਾ! ਦੂਜੇ ਦੇ ਵਲ ਤੋਰੇ ਹੋਏ ਸੈਲਾਬ ਥੀਂ,

ਜੇ ਰੁੜ੍ਹ ਤਿਰਾ ਹੀ ਘਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।

Friday, June 5, 2009

ਗੁਜ਼ਾਰੀ ਨਾਲ਼ ਜੋ ਤੇਰੇ.....


ਗ਼ਜ਼ਲ

ਗੁਜ਼ਾਰੀ ਨਾਲ਼ ਜੋ ਤੇਰੇ, ਭੁਲਾਉਂਣੀ ਸ਼ਾਮ ਹੈ ਔਖੀ।

ਸਮਾਂ ਕੁਈ ਹਾਥ ਨਾ ਦੇਵੇ, ਲੰਘਾਉਂਣੀ ਸ਼ਾਮ ਹੈ ਔਖੀ।

----

ਨਚਾਅ ਸਕਦੇ ਹੋ ਉਂਗਲਾਂ ਤੇ, ਸਵੇਰੇ ਨੂੰ, ਦੁਪਹਿਰੇ ਨੂੰ,

ਸਿਆਣਪ ਹੈ ਨਿਰੀ ਇਸ ਵਿਚ, ਨਚਾਉਂਣੀ ਸ਼ਾਮ ਹੈ ਔਖੀ।

----

ਵਸੀਲੇ ਸੌ ਨੇ ਬਣ ਜਾਂਦੇ, ਦੁਪਹਿਰੇ ਨੂੰ ਮੁਕਾਵਣ ਦੇ,

ਜਦੋਂ ਸਾਥੀ ਵਿਛੜ ਜਾਵੇ, ਮੁਕਾਉਂਣੀ ਸ਼ਾਮ ਹੈ ਔਖੀ।

----

ਗੁਆ ਸਕਦਾ ਹਾਂ ਮੈਂ ਸਭ ਕੁਝ, ਉਦ੍ਹੇ ਇੱਕੋ ਇਸ਼ਾਰੇ ਤੇ,

ਉਡੀਕ ਉਸਦੀ ਨੂੰ ਛਡ ਕੇ ਪਰ, ਗੁਆਉਂਣੀ ਸ਼ਾਮ ਹੈ ਔਖੀ।

----

ਸਵੇਰਾ ਲੰਘ ਜਾਂਦਾ ਹੈ, ਕਦੀ ਰੋਂਦੇ, ਕਦੀ ਹਸਦੇ,

ਦੁਪਹਿਰਾ ਲੰਘਦਾ ਸੌਖਾ, ਲੰਘਾਉਂਣੀ ਸ਼ਾਮ ਹੈ ਔਖੀ।

----

ਅਜੀ! ਚੰਚਲ ਦੁਪਹਿਰੇ ਨੂੰ, ਭਲਾ ਕੀ ਫ਼ਰਕ ਪੈਂਦਾ ਹੈ?

ਨਾ ਉਂਗਲ਼ ਉਠ ਜਵੇ ਕਿਧਰੇ, ਬਚਾਉਂਣੀ ਸ਼ਾਮ ਹੈ ਔਖੀ।

----

ਦੁਪਹਿਰੇ ਵਾਂਗ ਲੱਗਣ ਦੇ, ਭਵਾਂ ਲੱਖਾਂ ਕਰੋ ਖੇਖਨ,

ਨਜ਼ਰ ਪਰ ਫਿਰ ਵੀ ਆ ਜਾਂਦੀ, ਛੁਪਾਉਂਣੀ ਸ਼ਾਮ ਹੈ ਔਖੀ।

----

ਦੁਪਹਿਰਾ ਤਾਂ ਲਿਖਾ ਸਕਦਾ ਹੈ ਅਪਣਾ ਨਾਮ ਇਸਦੇ ਨਾਂ,

ਮਗਰ ਬਾਦਲ ਦੁਪਹਿਰੇ ਦੇ ਲਿਖਾਉਂਣੀ ਸ਼ਾਮ ਹੈ ਔਖੀ।

Thursday, April 9, 2009

ਜੰਗਲੀ ਬੂਟੇ ਡਰੇ-ਡਰੇ ਨੇ...


ਗ਼ਜ਼ਲ

ਜੰਗਲੀ ਬੂਟੇ ਡਰੇ-ਡਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

ਖੇਤ ਜਾਪਦੇ ਹਰੇ-ਭਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

----

ਗਾਈਆਂ ਦਾ ਵੱਗ ਲਗਦੈ ਜੀਕਣ, ਮੁੜ ਏਧਰ ਦੀ ਹੈ ਲੰਘਿਆ,

ਵੱਟਾਂ,ਬੰਨੇ ਚਰੇ-ਚਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

----

ਮਹਿਲਾਂ ਦੀ ਅੜਤਲ ਦੇ ਕਿੰਗਰੇ, ਨ੍ਹਾਤੇ-ਧੋਤੇ, ਨਿਖਰੇ-ਨਿਖਰੇ,

ਕੱਚ-ਬਨੇਰੇ ਡਰੇ-ਡਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

----

ਕੁਝ ਤਾਂ ਤਕੜੇ ਹੋ ਕੇ ਟੱਕਰੇ, ਐਪਰ ਕੁਝ ਨਦੀਆਂ ਦੇ ਕੰਢੇ,

ਖੁਰਨੋਂ ਪਹਿਲਾਂ ਖਰੇ-ਖਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

----

ਲਗਦਾ ਸੀ ਮਿਲ਼ਣੀ ਦੀ ਮਰਹਮ, ਲਗਦੇ ਹੀ ਇਹ ਸੁਕ ਜਾਵਣਗੇ,

ਜ਼ਖ਼ਮ ਦਿਲਾਂ ਦੇ ਹਰੇ-ਹਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

----

ਜੋ ਬਾਤਾਂ ਦੇ ਵਾਕ ਤੁਹਾਡੇ, ਮੂੰਹ ਚੋਂ ਲਾਰੇ ਬਣ-ਬਣ ਨਿਕਲ਼ੇ,

ਲਗਦੇ ਸਾਰੇ ਖਰੇ-ਖਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

----

ਬੋਲ਼ਿਆਂ ਵਾਂਗਰ ਕਰ ਤਾ ਬਾਦਲ, ਕੰਨਾਂ ਤਾਈਂ ਇਸ ਕਿਣ-ਮਿਣ ਨੇ,

ਬੋਲ ਅਸਾਡੇ ਮਰੇ-ਮਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।

Thursday, February 26, 2009

ਕੂ-ਹੂ, ਕੂ-ਹੂ ਪੁਕਾਰਦੀ ਕੋਇਲ....




ਗ਼ਜ਼ਲ

ਕੂ-ਹੂ, ਕੂ-ਹੂ ਪੁਕਾਰਦੀ ਕੋਇਲ।

ਦਰਦ ਦਿਲ ਦਾ ਉਭਾਰਦੀ ਕੋਇਲ।

----

ਖ਼ੁਦ ਨੂੰ ਅੰਦਰੋਂ ਸ਼ਿੰਗਾਰਦੀ ਕੋਇਲ।

ਬਾਹਰੋਂ ਵੀ ਨਾ ਵਿਸਾਰਦੀ ਕੋਇਲ।

----

ਭੌਰ ਫੁੱਲਾਂ ਨੂੰ ਚੁੰਮਦੈ ਜੀਕਣ,

ਠੂੰਗੇ ਅੰਬਾਂ ਨੂੰ ਮਾਰਦੀ ਕੋਇਲ।

----

ਖੁੰਝ ਕੀਕਣ ਗਈ ਸਫ਼ਰ ਕਰਨਾ?

ਊਂ ਹੈ ਪੱਕੀ ਕਰਾਰ ਦੀ ਕੋਇਲ।

----

ਜੋ ਵੀ ਕਹਿਣਾ ਹੈ, ਸਾਫ਼ ਕਹਿਣਾ ਹੈ,

ਦਿਲ ਵਿਚ ਪਹਿਲਾਂ ਵਿਚਾਰਦੀ ਕੋਇਲ।

----

ਜਿਸਨੂੰ ਭੁੱਲਣਾ ਕਦੇ ਵੀ ਨਾ ਹੋਵੇ,

ਨਕਸ਼ ਦਿਲ ਵਿਚ ਉਤਾਰਦੀ ਕੋਇਲ।

----

ਭਾਵੇਂ ਨਜ਼ਰਾਂ ਤੋਂ ਦੂਰ ਹੈ ਬਾਦਲ!

ਬੰਦ-ਅੱਖੀਂ ਨਿਹਾਰਦੀ ਕੋਇਲ।

Saturday, January 31, 2009

ਕਿਤੇ ਵੀ ਜੀਅ ਨਹੀਂ ਲਗਦਾ...


ਗ਼ਜ਼ਲ

ਗਿਲਾ, ਸ਼ਿਕਵਾ, ਰੁਸੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

ਤਬੀਅਤ ਵਿਚ ਅਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਉਧਰ ਕਲਬੂਤ ਵਿਚ ਸਾਹਾਂ ਦੀ ਕਿੱਲਤ ਜ਼ੋਰ ਪਾਉਂਦੀ ਹੈ,

ਇਧਰ ਇੱਛਾ ਵਲੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਸਫ਼ਰ ਦਾ ਅੰਤ ਲਗਦਾ ਹੈ, ਮਗਰ ਮੰਜ਼ਿਲ ਨਾ ਪਾ ਹੋਈ,

ਬੜੀ ਆਲ਼ਸ, ਥਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਕਰੀ ਕੋਸ਼ਿਸ਼, ਕਦੇ ਕੁਝ ਵੀ ਨਾ ਇਸ ਝੋਲ਼ੀ ਦੇ ਵਿਚ ਟਿਕਿਆ,

ਫ਼ਟੇ-ਹਾਲ਼ੀਂ ਗਰੇਬਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਹਰਿਕ ਜੀਅ ਆਪ-ਹੁਦਰਾ ਹੈ, ਕਿਸੇ ਦਾ ਮੂੰਹ ਨਹੀਂ ਸਿੱਧਾ,

ਕਿਸੇ ਦੇ ਮਨ ਜਲ਼ੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਰਿਟਾਇਡ ਹੋ ਗਏ ਕਾਹਦੇ? ਮੁਸੀਬਤ ਪੈ ਗਈ ਪੱਲੇ,

ਖ਼ਤਮ ਹਰ ਇਕ ਰੁਝੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਸਮਝ ਦੇ ਨਾਲ਼ ਤੂੰ ਬਾਦਲ! ਸਦਾ ਹੈ ਬੇਰੁਖ਼ੀ ਰੱਖੀ,

ਤਦੇ ਪੈਰੀਂ ਮਚੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

Friday, January 2, 2009

ਕੱਫ਼ਣੋਂ ਸਖਣੀ ਲਾਸ਼ ਮਿਰੀ....





ਗ਼ਜ਼ਲ

ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।

ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।

----

ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,

ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।

----

ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ ਚੋਂ,

ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।

----

ਬੁੱਲ੍ਹ ਹਿੱਲੇ ਸਨ ਇੱਕ ਵਾਰੀ ਤਾਂ, ਪਰ ਹਿੱਲਕੇ ਹੀ ਉਹ ਰਹਿ ਗਏ ਨੇ,

ਇਕ ਆਈ ਸੀ ਗੱਲ ਬੁੱਲ੍ਹਾਂ ਤੇ, ਤੇ ਆ-ਆ ਕੇ ਬੇਦਰਦੀ! ਰਹੀ।

----

ਮੈਂ ਤੈਨੂੰ ਚਾਇਆ ਪਲਕਾਂ ਤੇ, ਤੂੰ ਹੱਥਾਂ ਤੇ ਵੀ ਨਾ ਚਾਇਆ,

ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।

----

ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,

ਪਰ ਬਾਦਲ! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।