Friday, January 2, 2009

ਗ਼ਜ਼ਲ

ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।

ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।

----

ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,

ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।

----

ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ ਚੋਂ,

ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।

----

ਬੁੱਲ੍ਹ ਹਿੱਲੇ ਸਨ ਇੱਕ ਵਾਰੀ ਤਾਂ, ਪਰ ਹਿੱਲਕੇ ਹੀ ਉਹ ਰਹਿ ਗਏ ਨੇ,

ਇਕ ਆਈ ਸੀ ਗੱਲ ਬੁੱਲ੍ਹਾਂ ਤੇ, ਤੇ ਆ-ਆ ਕੇ ਬੇਦਰਦੀ! ਰਹੀ।

----

ਮੈਂ ਤੈਨੂੰ ਚਾਇਆ ਪਲਕਾਂ ਤੇ, ਤੂੰ ਹੱਥਾਂ ਤੇ ਵੀ ਨਾ ਚਾਇਆ,

ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।

----

ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,

ਪਰ ਬਾਦਲ! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।

2 comments:

परमजीत सिहँ बाली said...

ਬਹੂਤ ਵਦਿਆ ਗਜ਼ਲ ਹੈ|
ਏਹ ਸ਼ੇਰ ਬਹੁਤ ਚਂਗਾ ਲਗਾ-

ਮੈਂ ਤੈਨੂੰ ਚਾਇਆ ਪਲਕਾਂ ‘ਤੇ, ਤੂੰ ਹੱਥਾਂ ‘ਤੇ ਵੀ ਨਾ ਚਾਇਆ,

ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।

ਗੁਰਦਰਸ਼ਨ 'ਬਾਦਲ' said...

ਪਰਮਜੀਤ ਬਾਲੀ ਜੀ, ਤੁਹਾਡਾ ਬਹੁਤ ਧੰਨਵਾਦ। ਫੇਰੀ ਪਾਉਂਦੇ ਰਹਿਣਾ ਜੀ।

ਅਦਬ ਸਹਿਤ
ਤਨਦੀਪ 'ਤਮੰਨਾ'
punjabiaarsi.blogspot.com