Saturday, January 31, 2009

ਗ਼ਜ਼ਲ

ਗਿਲਾ, ਸ਼ਿਕਵਾ, ਰੁਸੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

ਤਬੀਅਤ ਵਿਚ ਅਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਉਧਰ ਕਲਬੂਤ ਵਿਚ ਸਾਹਾਂ ਦੀ ਕਿੱਲਤ ਜ਼ੋਰ ਪਾਉਂਦੀ ਹੈ,

ਇਧਰ ਇੱਛਾ ਵਲੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਸਫ਼ਰ ਦਾ ਅੰਤ ਲਗਦਾ ਹੈ, ਮਗਰ ਮੰਜ਼ਿਲ ਨਾ ਪਾ ਹੋਈ,

ਬੜੀ ਆਲ਼ਸ, ਥਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਕਰੀ ਕੋਸ਼ਿਸ਼, ਕਦੇ ਕੁਝ ਵੀ ਨਾ ਇਸ ਝੋਲ਼ੀ ਦੇ ਵਿਚ ਟਿਕਿਆ,

ਫ਼ਟੇ-ਹਾਲ਼ੀਂ ਗਰੇਬਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਹਰਿਕ ਜੀਅ ਆਪ-ਹੁਦਰਾ ਹੈ, ਕਿਸੇ ਦਾ ਮੂੰਹ ਨਹੀਂ ਸਿੱਧਾ,

ਕਿਸੇ ਦੇ ਮਨ ਜਲ਼ੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਰਿਟਾਇਡ ਹੋ ਗਏ ਕਾਹਦੇ? ਮੁਸੀਬਤ ਪੈ ਗਈ ਪੱਲੇ,

ਖ਼ਤਮ ਹਰ ਇਕ ਰੁਝੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

----

ਸਮਝ ਦੇ ਨਾਲ਼ ਤੂੰ ਬਾਦਲ! ਸਦਾ ਹੈ ਬੇਰੁਖ਼ੀ ਰੱਖੀ,

ਤਦੇ ਪੈਰੀਂ ਮਚੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।

3 comments:

ਦੀਪਇੰਦਰ ਸਿੰਘ said...

ਬਹੁਤ ਕਮਾਲ। ਮੇਰੇ ਪਿਤਾ ਜੀ ਨੂੰ ਇਹ ਰਚਨਾ ਬੇਹੱਦ ਪਸੰਦ ਆਉਣੀ ਹੈ.....ਕਿਤੇ ਜੀਅ ਨਹੀਂ ਲਗਦਾ। ਜੀਵਨ ਦਾ ਅਨੁਭਵ ਤੇ ਲਫਜਾਂ ਦੀ ਸਾਦਗੀ....ਬਹੁਤ ਖ਼ੂਬਸੂਰਤ ਰਚਨਾ ਬਾਦਲ ਜੀ।

ਗੁਰਦਰਸ਼ਨ 'ਬਾਦਲ' said...

ਬਹੁਤ-ਬਹੁਤ ਸ਼ੁਕਰੀਆ ਦੀਪਇੰਦਰ ਜੀ..ਬਲੌਗ ਤੇ ਫੇਰੀ ਪਾਉਂਣ ਤੇ ਟਿੱਪਣੀ ਲਿਖਣ ਲਈ।

ਅਦਬ ਸਹਿਤ
ਤਨਦੀਪ 'ਤਮੰਨਾ'
punjabiaarsi.blogspot.com

baljitgoli said...

bahut wadhiya likheya hai..............