
Friday, July 10, 2009
ਗ਼ਜ਼ਲ
ਸਾਗਰ ਅਗਰ ਬਿੱਫ਼ਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
ਮਾਂਝੀ ਤਿਰਾ ਘਾਬਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਘਰ ਬਣ ਅਗਰ ਖੰਡਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
ਹੋ ਖ਼ੁਸ਼ਕ ਜੇ ਸਾਗਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਗ਼ਮ, ਡਰ, ਘੁਟਨ, ਪੀੜਾ, ਨਿਹੋਰੇ ਥੀਂ ਪਰੋ ਕੇ ਭੇਜਿਆ,
ਇਹ ਹਾਰ ਜੇ ਬਿੱਖਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਜਦ ਦੂਰ ਸੈਂ, ਤਦ ਠੀਕ ਸੀ, ਯਾਦਾਂ ਤਾਂ ਤੇਰੇ ਕੋਲ਼ ਸਨ,
ਨੇੜੇ ਵੀ ਜੇ ਓਦਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਐਵੇਂ ਲਕੀਰਾਂ ਵਾਹ ਰਿਹਾਂ, ਬਿਨ ਸੋਚਿਓਂ, ਬਿਨ ਸਮਝਿਓਂ,
ਜੇ ਬਣ ਤਿਰਾ ਚਿੱਤਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਤੇਰੇ ਗਲ਼ੇ ‘ਚ ਹਾਰ ਹੱਸ ਕੇ ਪਾਊਂਗਾ, ਪਰ ਨਾਲ਼ ਹੀ,
ਜੇ ਗਿਰ ਕੋਈ ਅੱਥਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਕਾਲਖ਼ ਤਿਰੀ ਨੂੰ ਚੀਰ ਕੇ, ਜੇ ਰਿਸ਼ਮ ਕੁਈ ਚਮਕੀ, ਅਤੇ,
ਚਿਹਰਾ ਮਿਰਾ ਨਿੱਖ਼ਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਹੁਣ ਵੀ ਸੰਭਲ ਓ ਰਹਿਬਰਾ! ਹੱਥੋਂ ਤਿਰੇ ਜੇ ਦੇਸ਼ ਦੀ,
ਧਰਤ ਗਈ, ਅੰਬਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।
----
ਸੁਣ ‘ਬਾਦਲਾ!’ ਦੂਜੇ ਦੇ ਵਲ ਤੋਰੇ ਹੋਏ ਸੈਲਾਬ ਥੀਂ,
ਜੇ ਰੁੜ੍ਹ ਤਿਰਾ ਹੀ ਘਰ ਗਿਆ, ਤਾਂ ਫੇਰ ਨਾ ਮੈਨੂੰ ਕਹੀਂ।