
Wednesday, October 7, 2009
ਗ਼ਜ਼ਲ
ਝੂਠ ਹੈ ਕਿ ਰੌਸ਼ਨੀ ਬਿਨ ਪਲ ‘ਚ ਮਰ ਜਾਵਾਂਗਾ ਮੈਂ।
ਸੱਚ ਇਹ ਹੈ, ਨੇਰ੍ਹਿਆਂ ਵਿਚ ਦੀ ਗੁਜ਼ਰ ਜਾਵਾਂਗਾ ਮੈਂ।
-----
ਪੀੜ, ਗ਼ਮ, ਰੋਸਾ, ਜੁਦਾਈ ਹੱਸ ਕੇ ਜਰ ਜਾਵਾਂਗਾ ਮੈਂ।
ਇਉਂ ਸਮੇਂ ਦੀ ਹਿੱਕ ‘ਤੇ ਅੰਗਿਆਰ ਧਰ ਜਾਵਾਂਗਾ।
-----
ਨੀ ਹਵਾਏ! ਇਕ ਸੁਨੇਹਾ ਤੂੰ ਸਜਨ ਨੂੰ ਦੇ ਦਵੀਂ,
ਉਂਗਲ਼ਾਂ ਨੇ ਫੇਰ ਉਠ ਪੈਣੈਂ, ਅਗਰ ਜਾਵਾਂਗਾ ਮੈਂ।
-----
ਸੋਚ ਕੇ ਕਰਿਓ ਹਵਾਲੇ ਪਾਣੀਆਂ ਦੇ, ਦੋਸਤੋ!
ਲੂਣ ਨਾ ਸਮਝੋ ਤੁਸੀਂ ਕਿ ਐਂਵੇਂ ਖ਼ਰ ਜਾਵਾਂਗਾ ਮੈਂ।
-----
ਜ਼ਖ਼ਮ ਇਕ ਵੀ ਪਿੱਠ ਮੇਰੀ ‘ਤੇ ਨਜ਼ਰ ਆਉਂਣਾ ਨਹੀਂ,
ਵਾਰ ਹਿੱਕ ‘ਤੇ ਰੋਕਦਾ ਹੀ, ਰਣ ‘ਚ ਮਰ ਜਾਵਾਂਗਾ ਮੈਂ।
-----
ਐ ਦਿਲਾ! ਤੂੰ ਖ਼ੁਦ ਸੰਭਲ਼, ਐਂਵੇਂ ਨਾ ਮੇਰੀ ਫ਼ਿਕਰ ਕਰ,
ਜ਼ਖ਼ਮ ਹੀ ਹਾਂ, ਮੇਰਾ ਕੀ ਹੈ, ਫੇਰ ਭਰ ਜਾਵਾਂਗਾ ਮੈਂ।
-----
ਸੋਚਣੀ ਉਹਨਾਂ ਦੀ ਵੀ ਲਗਦੀ ਹੈ ‘ਬਾਦਲ’ ਠੀਕ, ਪਰ,
ਇੰਝ ਬਿਖ਼ਰਾਂਗਾ, ਬਿਖ਼ਰ ਕੇ ਹੋ ਅਮਰ ਜਾਵਾਂਗਾ ਮੈਂ।
Subscribe to:
Posts (Atom)