
Monday, November 30, 2009
ਗ਼ਜ਼ਲ
ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ।
ਇਕ ਫੁੱਲ ਖ਼ਾਰ ਬਣਕੇ, ਬਹਿੰਦੈ ਪਰੇ-ਪਰੇ।
-----
ਚੁਪ ਦੀ ਅਵਾਜ਼ ਦੇ ਵਿਚ, ਗੱਲਾਂ ਦਾ ਅੰਤ ਨਾ,
ਗੱਲ ਮੂੰਹ ‘ਤੇ ਆਈ ਹੋਈ, ਕਹਿੰਦੈ ਪਰੇ-ਪਰੇ।
-----
ਮਿਲ਼ਦੈ, ਉਹ ਜਦ ਵੀ ਮਿਲ਼ਦੈ, ਮੁਸਕਾਨ ਦੀ ਤਰ੍ਹਾਂ,
ਮੁਸਕਾਨ ਹੇਠ ਦੁਖੜੇ, ਸਹਿੰਦੈ ਪਰੇ-ਪਰੇ।
-----
ਲੋਹੇ ਦੀ ਕੰਧ ਬਣਕੇ, ਖੜ੍ਹਦਾ ਹੈ ਸਾਮ੍ਹਣੇ,
ਕੱਚੀ ਦਿਵਾਰ ਵਾਂਗੂੰ, ਢਹਿੰਦੈ ਪਰੇ-ਪਰੇ।
-----
ਉਛਲ਼ੇ ਜਵਾਰ-ਭਾਟਾ, ਸਾਗਰ ਦੇ ਵਿਚ, ਮਗਰ,
ਰੇਤਲ਼-ਨਦੀ ਜਾਂ ਬਣਦੈ, ਵਹਿੰਦੈ ਪਰੇ-ਪਰੇ।
-----
ਉਡਦੈ ਰਕ਼ੀਬ ਕੋਲ਼ੇ, ਵਾਂਗੂੰ ਉਕਾਬ ਦੇ,
ਛਤਰੀ ਵਿਯੋਗ ਦੀ ‘ਤੇ, ਲਹਿੰਦੈ ਪਰੇ-ਪਰੇ।
-----
‘ਬਾਦਲ’ ਨੇ ਬੰਨ੍ਹ ਲਿਆ ਹੈ, ਪਾਣੀ ਵਿਵੇਕ ਦਾ
ਬੇੜੀ ‘ਚ ਵੇਖ ਉਸਨੂੰ, ਖ਼ਹਿੰਦੈ ਪਰੇ-ਪਰੇ।
Subscribe to:
Posts (Atom)