Saturday, November 22, 2008

ਸ਼ਿਲਤਾਂ ਦੀ ਪੀੜ ਸਹਿਣਾ...


ਗ਼ਜ਼ਲ

ਸ਼ਿਲਤਾਂ ਦੀ ਪੀੜ ਸਹਿਣਾ, ਤੇ ਟੁਕੜਿਆਂ ‘ਚ ਮਰਨਾ।
ਦੁਨੀਆਂ ‘ਚ ਜੀਣ ਖ਼ਾਤਿਰ, ਕੀ-ਕੀ ਪਿਆ ਹੈ ਕਰਨਾ।
-----
ਉਸਨੇ ਸੀ ਅਹਿਦ ਕੀਤਾ, ਹਰ ਪਲ ਤੁਰਾਂਗੇ ‘ਕੱਠੇ,
ਉਸ ਵਿੱਚ ਨਾ ਆਈ ਹਿੰਮਤ, ਸਾਨੂੰ ਨਾ ਆਇਆ ਡਰਨਾ।
-----
ਦਿਲ ਛੱਡਿਆਂ ਕਦੇ ਵੀ, ਆਫ਼ਤ ਨਾ ਹੱਲ ਹੁੰਦੀ,
ਕਮਜ਼ੋਰੀ ਦੀ ਨਿਸ਼ਾਨੀ, ਮੁੜ-ਮੁੜ ਕੇ ਨੈਣ ਭਰਨਾ।
------
ਜੰਗਲ਼ ‘ਚ ਕੀ ਪਿਆ ਹੈ? ਹਰ ਘਰ ਹੀ ਹੈ ਹੁਣ ਜੰਗਲ਼,
ਸੋਚਾਂ ‘ਚੋਂ ਫ਼ੂਸ ਕੱਢੋ, ਮਿਟ ਜਾਓਗੇ, ਵਗਰਨਾ।
------
ਐਵੇਂ ਨਾ ਰਾਖ਼ ਬਣਿਓਂ, ਕੁਕਨੂਸ ਕਹਿ ਗਿਆ ਹੈ,
ਜੋ ਸੁੱਕਦੈ, ਉਹ ਖੂਹ ਹੈ, ਵਗਦਾ ਰਹੇ, ਉਹ ਝਰਨਾ।
------
ਉੱਪਰ ਨੂੰ ਚੀਜ਼ ਸੁੱਟੀ, ਧਰਤੀ ਦੇ ਸੀਨੇ ਲੱਗੂ,
ਪਾਣੀ ਉਬਾਲ਼ਾ ਖਾ ਕੇ, ਆਖਰ ਨੂੰ ਫੇਰ ਠਰਨਾ।
-----
ਹੈ ਰੂਪ ਵੀ ਜ਼ਰੂਰੀ, ਹੈ ਸੂਝ ਵੀ ਜ਼ਰੂਰੀ,
ਸੱਚ ਆਖਦਾ ਹੈ ‘ਬਾਦਲ’!, ਦੋਹਾਂ ਬਿਨ੍ਹਾ ਨਈਂ ਸਰਨਾ।