
Thursday, April 9, 2009
ਗ਼ਜ਼ਲ
ਜੰਗਲੀ ਬੂਟੇ ਡਰੇ-ਡਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
ਖੇਤ ਜਾਪਦੇ ਹਰੇ-ਭਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
----
ਗਾਈਆਂ ਦਾ ਵੱਗ ਲਗਦੈ ਜੀਕਣ, ਮੁੜ ਏਧਰ ਦੀ ਹੈ ਲੰਘਿਆ,
ਵੱਟਾਂ,ਬੰਨੇ ਚਰੇ-ਚਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
----
ਮਹਿਲਾਂ ਦੀ ਅੜਤਲ ਦੇ ਕਿੰਗਰੇ, ਨ੍ਹਾਤੇ-ਧੋਤੇ, ਨਿਖਰੇ-ਨਿਖਰੇ,
ਕੱਚ-ਬਨੇਰੇ ਡਰੇ-ਡਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
----
ਕੁਝ ਤਾਂ ਤਕੜੇ ਹੋ ਕੇ ਟੱਕਰੇ, ਐਪਰ ਕੁਝ ਨਦੀਆਂ ਦੇ ਕੰਢੇ,
ਖੁਰਨੋਂ ਪਹਿਲਾਂ ਖਰੇ-ਖਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
----
ਲਗਦਾ ਸੀ ਮਿਲ਼ਣੀ ਦੀ ਮਰਹਮ, ਲਗਦੇ ਹੀ ਇਹ ਸੁਕ ਜਾਵਣਗੇ,
ਜ਼ਖ਼ਮ ਦਿਲਾਂ ਦੇ ਹਰੇ-ਹਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
----
ਜੋ ਬਾਤਾਂ ਦੇ ਵਾਕ ਤੁਹਾਡੇ, ਮੂੰਹ ‘ਚੋਂ ਲਾਰੇ ਬਣ-ਬਣ ਨਿਕਲ਼ੇ,
ਲਗਦੇ ਸਾਰੇ ਖਰੇ-ਖਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
----
ਬੋਲ਼ਿਆਂ ਵਾਂਗਰ ਕਰ ਤਾ ‘ਬਾਦਲ’, ਕੰਨਾਂ ਤਾਈਂ ਇਸ ਕਿਣ-ਮਿਣ ਨੇ,
ਬੋਲ ਅਸਾਡੇ ਮਰੇ-ਮਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।
Subscribe to:
Posts (Atom)