ਤਰਲਿਆਂ ਦੇ ਨਾਲ਼ ਲੰਘੇ ਜ਼ਿੰਦਗੀ।
ਕਰ ਗਈ ਹੈ ਜ਼ਖ਼ਮ ਨੰਗੇ ਜ਼ਿੰਦਗੀ।
-----
ਕੱਲ੍ਹ ਰਾਹ ਵਿਚ ਸਿਰਫਿਰੇ ਕਲਬੂਤ ਤੋਂ,
ਰੂਹ ਦੀ ਪੌਸ਼ਾਕ ਮੰਗੇ ਜ਼ਿੰਦਗੀ।
-----
ਫ਼ੈਸਲੇ ਕੌੜੇ ਨਾ ਲੈ ਦੋਪਹਿਰ ਨੂੰ,
ਸ਼ਾਮ ਨੂੰ ਨਾ ਰੋਜ਼ ਸੰਗੇ ਜ਼ਿੰਦਗੀ।
-----
ਰੂਹ ਤੇ ਕਲਬੂਤ ਵਿਚ ਜੋ ਆ ਗਿਆ,
ਫ਼ਾਸਲਾ ਕੀਕਣ ਉਲੰਘੇ ਜ਼ਿੰਦਗੀ?
-----
ਹੋਸ਼ ਦੀ ਐਨਕ ਵੀ ਮੱਦਦ ਨਾ ਕਰੇ,
ਸੋਚ ਵਿਚ ਪੰਗੇ ਹੀ ਪੰਗੇ, ਜ਼ਿੰਦਗੀ।
-----
ਤਾਰਿਆਂ ਤਕ ਹੀ ਜੇ ਚੱਕਰ ਲੱਗ ਜੇ,
ਖ਼ਾਬ ਦਾ ਸੂਰਜ ਵੀ ਰੰਗੇ ਜ਼ਿੰਦਗੀ।
-----
ਫੁੱਲ ਦੀ ਪੱਤੀ ‘ਤੇ ਸ਼ਬਨਮ ਕੀ ਪਈ,
ਵੇਖ ‘ਲੀ ਸਭ ਨੇ ਮੂੰਹ-ਨੰਗੇ ਜ਼ਿੰਦਗੀ।
-----
ਹੋਰ ਸਾਰੇ ਦੁੱਖ ਹੀ ਮਨਜ਼ੂਰ ਨੇ,
ਹਿਜਰ ਦੀ ਸੂਲ਼ੀ ਨਾ ਟੰਗੇ ਜ਼ਿੰਦਗੀ।
-----
ਹੋ ਗਈ ਹੈ ਇਉਂ ਵੀ ਹਿਜਰਤ ‘ਬਾਦਲਾ’!
ਬੁੱਤ 'ਜਗਰਾਓਂ' ਤੇ 'ਬੰਗੇ' ਜ਼ਿੰਦਗੀ।