ਗਿਲਾ, ਸ਼ਿਕਵਾ, ਰੁਸੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
ਤਬੀਅਤ ਵਿਚ ਅਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਉਧਰ ਕਲਬੂਤ ਵਿਚ ਸਾਹਾਂ ਦੀ ਕਿੱਲਤ ਜ਼ੋਰ ਪਾਉਂਦੀ ਹੈ,
ਇਧਰ ਇੱਛਾ ਵਲੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਸਫ਼ਰ ਦਾ ਅੰਤ ਲਗਦਾ ਹੈ, ਮਗਰ ਮੰਜ਼ਿਲ ਨਾ ਪਾ ਹੋਈ,
ਬੜੀ ਆਲ਼ਸ, ਥਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਕਰੀ ਕੋਸ਼ਿਸ਼, ਕਦੇ ਕੁਝ ਵੀ ਨਾ ਇਸ ਝੋਲ਼ੀ ਦੇ ਵਿਚ ਟਿਕਿਆ,
ਫ਼ਟੇ-ਹਾਲ਼ੀਂ ਗਰੇਬਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਹਰਿਕ ਜੀਅ ਆਪ-ਹੁਦਰਾ ਹੈ, ਕਿਸੇ ਦਾ ਮੂੰਹ ਨਹੀਂ ਸਿੱਧਾ,
ਕਿਸੇ ਦੇ ਮਨ ਜਲ਼ੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਰਿਟਾਇਡ ਹੋ ਗਏ ਕਾਹਦੇ? ਮੁਸੀਬਤ ਪੈ ਗਈ ਪੱਲੇ,
ਖ਼ਤਮ ਹਰ ਇਕ ਰੁਝੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਸਮਝ ਦੇ ਨਾਲ਼ ਤੂੰ ‘ਬਾਦਲ!’ ਸਦਾ ਹੈ ਬੇਰੁਖ਼ੀ ਰੱਖੀ,
ਤਦੇ ਪੈਰੀਂ ਮਚੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
3 comments:
ਬਹੁਤ ਕਮਾਲ। ਮੇਰੇ ਪਿਤਾ ਜੀ ਨੂੰ ਇਹ ਰਚਨਾ ਬੇਹੱਦ ਪਸੰਦ ਆਉਣੀ ਹੈ.....ਕਿਤੇ ਜੀਅ ਨਹੀਂ ਲਗਦਾ। ਜੀਵਨ ਦਾ ਅਨੁਭਵ ਤੇ ਲਫਜਾਂ ਦੀ ਸਾਦਗੀ....ਬਹੁਤ ਖ਼ੂਬਸੂਰਤ ਰਚਨਾ ਬਾਦਲ ਜੀ।
ਬਹੁਤ-ਬਹੁਤ ਸ਼ੁਕਰੀਆ ਦੀਪਇੰਦਰ ਜੀ..ਬਲੌਗ ਤੇ ਫੇਰੀ ਪਾਉਂਣ ਤੇ ਟਿੱਪਣੀ ਲਿਖਣ ਲਈ।
ਅਦਬ ਸਹਿਤ
ਤਨਦੀਪ 'ਤਮੰਨਾ'
punjabiaarsi.blogspot.com
bahut wadhiya likheya hai..............
Post a Comment