
Saturday, January 31, 2009
ਗ਼ਜ਼ਲ
ਗਿਲਾ, ਸ਼ਿਕਵਾ, ਰੁਸੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
ਤਬੀਅਤ ਵਿਚ ਅਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਉਧਰ ਕਲਬੂਤ ਵਿਚ ਸਾਹਾਂ ਦੀ ਕਿੱਲਤ ਜ਼ੋਰ ਪਾਉਂਦੀ ਹੈ,
ਇਧਰ ਇੱਛਾ ਵਲੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਸਫ਼ਰ ਦਾ ਅੰਤ ਲਗਦਾ ਹੈ, ਮਗਰ ਮੰਜ਼ਿਲ ਨਾ ਪਾ ਹੋਈ,
ਬੜੀ ਆਲ਼ਸ, ਥਕੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਕਰੀ ਕੋਸ਼ਿਸ਼, ਕਦੇ ਕੁਝ ਵੀ ਨਾ ਇਸ ਝੋਲ਼ੀ ਦੇ ਵਿਚ ਟਿਕਿਆ,
ਫ਼ਟੇ-ਹਾਲ਼ੀਂ ਗਰੇਬਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਹਰਿਕ ਜੀਅ ਆਪ-ਹੁਦਰਾ ਹੈ, ਕਿਸੇ ਦਾ ਮੂੰਹ ਨਹੀਂ ਸਿੱਧਾ,
ਕਿਸੇ ਦੇ ਮਨ ਜਲ਼ੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਰਿਟਾਇਡ ਹੋ ਗਏ ਕਾਹਦੇ? ਮੁਸੀਬਤ ਪੈ ਗਈ ਪੱਲੇ,
ਖ਼ਤਮ ਹਰ ਇਕ ਰੁਝੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
----
ਸਮਝ ਦੇ ਨਾਲ਼ ਤੂੰ ‘ਬਾਦਲ!’ ਸਦਾ ਹੈ ਬੇਰੁਖ਼ੀ ਰੱਖੀ,
ਤਦੇ ਪੈਰੀਂ ਮਚੇਵਾਂ ਹੈ, ਕਿਤੇ ਵੀ ਜੀਅ ਨਹੀਂ ਲਗਦਾ।
Friday, January 2, 2009
ਗ਼ਜ਼ਲ
ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।
ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।
----
ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,
ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।
----
ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ ‘ਚੋਂ,
ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।
----
ਬੁੱਲ੍ਹ ਹਿੱਲੇ ਸਨ ਇੱਕ ਵਾਰੀ ਤਾਂ, ਪਰ ਹਿੱਲਕੇ ਹੀ ਉਹ ਰਹਿ ਗਏ ਨੇ,
ਇਕ ਆਈ ਸੀ ਗੱਲ ਬੁੱਲ੍ਹਾਂ ‘ਤੇ, ਤੇ ਆ-ਆ ਕੇ ਬੇਦਰਦੀ! ਰਹੀ।
----
ਮੈਂ ਤੈਨੂੰ ਚਾਇਆ ਪਲਕਾਂ ‘ਤੇ, ਤੂੰ ਹੱਥਾਂ ‘ਤੇ ਵੀ ਨਾ ਚਾਇਆ,
ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।
----
ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,
ਪਰ ‘ਬਾਦਲ’! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।